ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹਿੰਦੂ ਮਹਾਸਭਾ ਦੇ ਨੇਤਾ ਕਮਲੇਸ਼ ਤਿਵਾਰੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਉਸ ਦੇ ਲਖਨਊ ਦੇ ਦਫ਼ਤਰ ਵਿੱਚ ਵੜ ਕੇ ਗੋਲ਼ੀ ਮਾਰੀ ਗਈ ਹੈ।
ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ 2 ਬਦਮਾਸ਼ਾਂ ਨੇ ਅੰਜਾਮ ਦਿੱਤਾ ਹੈ ਅਤੇ ਉਨ੍ਹਾਂ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਸੀ। ਇਹ ਦੋਵੇਂ ਕਮਲੇਸ਼ ਨਾਲ਼ ਗੱਲਬਾਤ ਕਰਦੇ ਹੋਏ ਦਫ਼ਤਰ ਵਿੱਚ ਦਾਖ਼ਲ ਹੋਏ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਰਾਣਾ ਲੇਖਾ ਜੋਖਾ
ਕਮਲੇਸ਼ ਤਿਵਾਰੀ ਉਸ ਵੇਲੇ ਚਰਚਾ ਦਾ ਹਿੱਸਾ ਬਣਿਆ ਸੀ ਜਦੋਂ ਸੱਤ ਕੁ ਸਾਲ ਪਹਿਲਾਂ ਉਸ ਨੇ ਇਸਲਾਮ ਦੇ ਪੈਗੰਬਰ ਲਈ ਵਿਵਾਦਿਤ ਬਿਆਨ ਦਿੱਤਾ ਸੀ ਇਸ ਗੱਲ ਦਾ ਉਸ 'ਤੇ ਮੁਕੱਦਮਾ ਵੀ ਚੱਲ ਰਿਹਾ ਸੀ। ਇਸ ਤੋਂ ਬਿਨਾਂ ਕਈ ਵਾਰ ਉਹ ਵਿਵਾਦਾਂ ਵਿੱਚ ਆਏ ਸੀ ਅਤੇ ਦੋ ਵਾਰੀ ਇਸ ਦੇ ਚਲਦੇ ਗ੍ਰਿਫ਼ਤਾਰੀ ਵੀ ਹੋਈ ਸੀ।
ਇੱਕ ਵਾਰ ਉਸ ਨੇ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਦੇ ਸਨਮਾਨ ਵਿੱਚ ਮੰਦਰ ਬਣਾਉਣ ਦਾ ਐਲਾਨ ਕੀਤਾ ਸੀ ਇਸ ਤੋਂ ਇਲਾਵਾ ਕਾਸ਼ੀ ਵਿਸ਼ਵਨਾਥ ਮੰਦਰ ਦੇ ਇਲਾਕੇ ਵਿੱਚ ਮੌਜੂਦ ਮਸਜ਼ਿਦ ਬਾਰੇ ਟਿੱਪਣੀ ਕਰਨ ਕਰ ਕੇ ਵੀ ਉਹ ਵਿਵਾਦਾਂ ਵਿੱਚ ਰਿਹਾ ਸੀ।