ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਵੋਟਿੰਗ ਪ੍ਰਕਿਰਿਆ ਪੂਰੀ ਹੋ ਗਈ ਹੈ। 1169 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋ ਗਈ ਹੈ। ਜਨਤਾ ਨੇ ਕਿਸ ਨੂੰ ਚੁਣਿਆ ਹੈ, ਇਹ 24 ਅਕਤੂਬਰ ਨੂੰ ਈਵੀਐਮ ਦੇ ਖੁੱਲ੍ਹਣ ਤੋਂ ਬਾਅਦ ਵੀ ਸਾਫ਼ ਹੋਵੇਗਾ। ਦੱਸਣਯੋਗ ਹੈ ਕਿ ਹਰਿਆਣਾ ਵਿੱਚ 65 ਫੀਸਦੀ ਤੋਂ ਵੱਧ ਵੋਟਿੰਗ ਹੋਈ ਹੈ।
ਸ਼ਾਂਤੀ ਨਾਲ ਪਈਆਂ ਵੋਟਾਂ
ਇਸ ਵਾਰ ਵੀ ਹਰਿਆਣਾ ਵਿੱਚ ਚੋਣਾਂ ਸ਼ਾਂਤਮਈ ਢੰਗ ਨਾਲ ਸਮਾਪਤ ਹੋਈਆਂ ਹਨ। ਹਾਲਾਂਕਿ, ਵੋਟਿੰਗ ਪ੍ਰਕਿਰਿਆ ਦੌਰਾਨ ਕੁੱਝ ਥਾਵਾਂ ਤੋਂ ਮਾਮੂਲੀ ਲੜਾਈਆ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਇਆ ਹਨ।
- ਨੂਹ ਜ਼ਿਲ੍ਹੇ ਦੇ ਫਿਰੋਜ਼ਪੁਰ ਝਿਰਕਾ ਵਿਧਾਨ ਸਭਾ ਹਲਕੇ ਦੇ ਪਿੰਡ ਮਲਹਾਕਾ ਵਿੱਚ ਵੋਟਿੰਗ ਦੌਰਾਨ ਕਾਂਗਰਸ ਅਤੇ ਭਾਜਪਾ ਵਰਕਰ ਆਪਸ ਵਿੱਚ ਟਕਰਾ ਗਏ। ਇਹ ਝੜਪ ਭਾਜਪਾ ਉਮੀਦਵਾਰ ਨਸੀਮ ਅਹਿਮਦ ਦੇ ਸਮਰਥਕ ਅਤੇ ਕਾਂਗਰਸ ਉਮੀਦਵਾਰ ਮਾਮਨ ਖਾਨ ਦੇ ਸਮਰਥਕਾਂ ਵਿਚਕਾਰ ਹੋਈ। ਇਸ ਝੜਪ ਵਿੱਚ ਦੋਵਾਂ ਪਾਸਿਆਂ ਦੇ ਕਈ ਲੋਕ ਜ਼ਖ਼ਮੀ ਹੋ ਗਏ ਹਨ।
- ਜੀਂਦ ਵਿੱਚ ਜੇਜੇਪੀ ਉਮੀਦਵਾਰ ਦੁਸ਼ਯੰਤ ਚੌਟਾਲਾ ਨੇ ਡੂਮਰਖਾਂ ਕਲਾਂ ਪਿੰਡ ਦੇ ਬੂਥ ‘ਤੇ ਜਾਅਲੀ ਵੋਟਾਂ ਪਾਉਣ ਦਾ ਦੋਸ਼ ਲਾਇਆ ਹੈ। ਇਸਦੇ ਨਾਲ ਹੀ ਦੁਸ਼ਯੰਤ ਨੇ ਇਹ ਵੀ ਦੋਸ਼ ਲਾਇਆ ਕਿ ਸੋਹਨ ਨਾਂਅ ਦੇ ਏਜੰਟ ਅਤੇ ਕੁੱਝ ਅਣਪਛਾਤੇ ਲੋਕਾਂ ਨੇ ਉਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
- ਰੋਹਤਕ ਦੀ ਗੜ੍ਹੀ ਸੰਪਲਾ ਕਿਲੋਈ ਵਿਧਾਨਸਭਾ ਵਿੱਚ ਵੋਟਿੰਗ ਦੌਰਾਨ ਫਾਇਰਿੰਗ ਦਾ ਇੱਕ ਮਾਮਲਾ ਵੀ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਕ ਆਪਸੀ ਰੰਜਿਸ਼ ਕਾਰਨ ਸਕੂਲ ਦੇ ਸਾਹਮਣੇ ਫਾਇਰਿੰਗ ਹੋਈ। ਗੋਲੀਬਾਰੀ ਵਿੱਚ ਇੱਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
- ਇਸ ਤੋਂ ਇਲਾਵਾ ਗੁਰੂਗ੍ਰਾਮ, ਟੋਹਾਣਾ ਸਮੇਤ ਕਈ ਬੂਥਾਂ 'ਤੇ ਈਵੀਐਮ ਮਸ਼ੀਨਾਂ ਦੇ ਖ਼ਰਾਬ ਹੋਣ ਕਾਰਨ ਪੋਲਿੰਗ ਦੇਰ ਨਾਲ ਸ਼ੁਰੂ ਹੋਈ।
2014 ਹਰਿਆਣਾ ਵਿਧਾਨ ਸਭਾ ਚੋਣਾਂ
ਸਾਲ 2014 ਵਿੱਚ ਹਰਿਆਣਾ ਵਿੱਚ 76.13 ਪ੍ਰਤੀਸ਼ਤ ਮਤਦਾਨ ਹੋਇਆ ਸੀ। ਜੋ ਕਿ ਹਰਿਆਣਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵੋਟਿੰਗ ਫੀਸਦੀ ਸੀ। ਉਸ ਸਮੇਂ ਭਾਜਪਾ ਨੇ 47 ਸੀਟਾਂ, ਇਨੈਲੋ ਨੇ 19 ਸੀਟਾਂ ਤੇ ਸੱਤਾਧਾਰੀ ਕਾਂਗਰਸ ਨੇ 15 ਸੀਟਾਂ ਜਿੱਤੀਆਂ ਸਨ। ਦੂਜੇ ਪਾਸੇ, ਹਰਿਆਣਾ ਜਨਹਿਤ ਕਾਂਗਰਸ ਨੇ 2 ਸੀਟਾਂ ਜਿੱਤੀਆਂ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਇੱਕ-ਇੱਕ ਸੀਟ ਜਿੱਤੀ। ਇਸ ਤੋਂ ਇਲਾਵਾ 5 ਆਜ਼ਾਦ ਉਮੀਦਵਾਰ ਵੀ ਜਿੱਤੇ ਸਨ।