ਚੰਡੀਗੜ੍ਹ: ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ। ਰਾਜ ਦੀਆਂ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੱਤਾਧਾਰੀ ਪਾਰਟੀ ਭਾਜਪਾ ਨੇ ਵੀ ਆਪਣੇ 90 ਉਮੀਦਵਾਰ ਚੋਣ ਮੈਦਾਨ 'ਚ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਹਰਿਆਣੇ 'ਚ ਚੋਣ ਪ੍ਰਚਾਰ ਲਈ ਖੁਦ ਆਉਣਗੇ।
ਪੀਐਮ ਮੋਦੀ ਕਰਨਗੇ 4 ਰੈਲੀਆਂ
ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਹਰਿਆਣਾ ਵਿੱਚ ਕੁੱਲ 4 ਰੈਲੀਆਂ ਕਰਨ ਵਾਲੇ ਹਨ। ਇਹ ਰੈਲੀਆਂ ਅਹੀਰਵਾਲ, ਜਾਟਲੈਂਡ, ਜੀਟੀ ਰੋਡ ਬੈਲਟ ਅਤੇ ਪੱਛਮੀ ਹਰਿਆਣਾ ਵਿੱਚ ਹੋਣਗੀਆਂ, ਜਿਸ ਵਿੱਚ ਸਾਰੀਆਂ 90 ਵਿਧਾਨ ਸਭਾ ਸੀਟਾਂ ਕਵਰ ਕੀਤੀਆਂ ਜਾਣਗੀਆਂ। ਹਰ ਜ਼ਿਲ੍ਹੇ ਦੀਆਂ ਅਸੈਂਬਲੀਆਂ ਲਈ ਵੀ ਇੱਕ ਰਣਨੀਤੀ ਤਿਆਰ ਕੀਤੀ ਗਈ ਹੈ।
ਇਸ ਲੜੀ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪੂਰੀ ਕੇਂਦਰੀ ਲੀਡਰਸ਼ਿਪ ਵਿਖਾਈ ਦੇਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਵਿੱਚ 12 ਰੈਲੀਆਂ ਨੂੰ ਸੰਬੋਧਨ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹਰਿਆਣਾ ਵਿੱਚ 12 ਰੈਲੀਆਂ ਕਰਨਗੇ। ਚੋਣ ਮੈਦਾਨ ਵਿੱਚ ਭਾਜਪਾ ਕੇਂਦਰ ਸਰਕਾਰ ਦੇ 18 ਕੇਂਦਰੀ ਮੰਤਰੀਆਂ ਨੂੰ ਚੋਣ ਪ੍ਰਚਾਰ 'ਚ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਪੂਰੇ ਹਰਿਆਣਾ ਵਿੱਚ ਭਾਜਪਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ।
ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਵੀ ਆਉਣਗੇ
ਕੇਂਦਰੀ ਲੀਡਰਸ਼ਿਪ ਹੀ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਵਾਗਡੋਰ ਆਪਣੇ ਹੱਥ 'ਚ ਨਹੀਂ ਲੈਣਗੇ, ਹੁਣ ਸਾਰੇ ਭਾਜਪਾ ਸਾਸ਼ਿਤ ਰਾਜਾਂ ਦੇ ਦੇ ਮੁੱਖ ਮੰਤਰੀ ਵੀ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਣ ਪ੍ਰਚਾਰ ਲਈ ਡੇਰਾ ਲਾਉਣਗੇ। ਤਾਂ ਜੋ ਹਰ ਵਰਗ ਦੇ ਵੋਟਰ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਤਿਆਰ ਹੋ ਸਕਣ। ਕਈ ਫਿਲਮੀ ਸਿਤਾਰਿਆਂ ਤੋਂ ਇਲਾਵਾ, ਖੇਡ ਸਖਸ਼ੀਅਤਾਂ ਨੂੰ ਵੀ ਪ੍ਰਚਾਰ ਲਈ ਮੈਦਾਨ ਵਿੱਚ ਉਤਾਰਿਆ ਜਾਵੇਗਾ।
ਕੇਂਦਰੀ ਲੀਡਰਸ਼ਿਪ ਵਿਧਾਨ ਸਭਾ ਚੋਣਾਂ ਲਈ ਹੋਇਆ ਸਰਗਰਮ
ਭਾਜਪਾ ਹਾਈ ਕਮਾਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ। ਇੱਕ ਪਾਸੇ ਹਰਿਆਣਾ ਭਾਜਪਾ ਮਨੋਹਰ ਲਾਲ ਖੱਟਰ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਹਾਈ ਕਮਾਨ ਨੇ ਖੱਟਰ ਸਰਕਾਰ ਨੂੰ ਹੋਰ ਤਾਕਤ ਦਿੰਦਿਆਂ ਕੇਂਦਰੀ ਲੀਡਰਸ਼ਿਪ ਨੂੰ ਵੀ ਚੋਣ ਪ੍ਰਚਾਰ ਲਈ ਉਤਾਰ ਦਿੱਤਾ ਹੈ।