ਨਵੀਂ ਦਿੱਲੀ: ਐਤਵਾਰ ਨੂੰ ਗ਼ਾਜ਼ਿਆਬਾਦ ਦੇ ਮੋਦੀ ਨਗਰ ਖੇਤਰ ਵਿੱਚ ਇੱਕ ਮੋਮਬੱਤੀ ਬਣਾਉਣ ਵਾਲੀ ਫੈਕਟਰੀ 'ਚ ਹੋਏ ਧਮਾਕੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਅਜੇ ਸ਼ੰਕਰ ਪਾਂਡੇ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪੁਲਿਸ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਜਲਦ ਹਸਪਤਾਲ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ ਤੇ ਘਟਨਾ ਸਥਾਨ ਦੀ ਜਾਂਚ ਕਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਇਹ ਹਾਦਸਾ ਮੋਦੀਨਗਰ ਦੇ ਪਿੰਡ ਬਖਰਵਾ ਵਿੱਚ ਵਾਪਰਿਆ ਹੈ। ਜਿੱਥੇ ਪਿੰਡ ਦੇ ਲੋਕ ਫੈਕਟਰੀ ਵਿੱਚ ਕੰਮ ਕਰ ਰਹੇ ਸਨ। ਮੋਮਬੱਤੀ ਫੈਕਟਰੀ ਵਿੱਚ ਇੱਕ ਜਲਣਸ਼ੀਲ ਪਦਾਰਥ ਰੱਖਿਆ ਗਿਆ ਸੀ, ਜਿਸ ਵਿੱਚ ਅਚਾਨਕ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ। ਇਹ ਜਨਮਦਿਨ ਵਿੱਚ ਵਰਤੀਆਂ ਜਾਂਦੀਆਂ ਮੋਮਬੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੋਮਬੱਤੀਆਂ ਵਿੱਚ ਪੋਟਾਸ਼ ਸਲਫਰ ਵੀ ਵਰਤਿਆ ਜਾਂਦਾ ਸੀ।
ਘਟਨਾ ਦੌਰਾਨ ਐਸਐਸਪੀ, ਡੀਐਮ ਤੋਂ ਇਲਾਵਾ ਇੱਕ ਦਰਜਨ ਤੋਂ ਵੱਧ ਅੱਗ ਬੁਝਾਉ ਦਸਤੇ ਦੀਆਂ ਗੱਡੀਆਂ ਪਹੁੰਚਿਆ ਹਨ। ਹਾਦਸੇ ਨੂੰ ਲੈ ਕੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।