ਦੇਹਰਾਦੂਨ: ਜਦੋਂ ਅੰਗਰੇਜ਼ ਹਕੂਮਤ ਨੇ ਭਾਰਤ ਨੂੰ ਬਸਤੀਵਾਦੀ ਬਣਾਇਆ, ਉਨ੍ਹਾਂ ਕਈ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ। ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕਈ ਉਪਰਾਲੇ ਅੱਜ ਵੀ ਆਪਣੀ ਕਹਾਣੀ ਦੱਸਣ ਲਈ ਮੌਜੂਦ ਹਨ। ਇਹ ਕਿੱਸੇ ਅੱਜ ਵੀ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ।
ਦੇਹਰਾਦੂਨ ਤੋਂ 22 ਕਿਲੋਮੀਟਰ ਦੂਰ ਮਸੂਰੀ 'ਚ ਸਥਿਤ ਗਲੋਗੀ ਹਾਈਡਲ ਪਾਵਰ ਸਟੇਸ਼ਨ ਬ੍ਰਿਟਿਸ਼ ਰਾਜ ਦੇ ਸਮੇਂ ਬਣਾਇਆ ਗਿਆ ਪਹਿਲਾ ਸਟੇਸ਼ਨ ਸੀ ਜੋ ਅੱਜ ਵੀ ਕੰਮ ਕਰ ਰਿਹਾ ਹੈ। ਇਸ ਨੂੰ 1907 ਵਿੱਚ ਸ਼ੁਰੂ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਇਹ ਪਾਵਰ ਸਟੇਸ਼ਨ ਅਜੇ ਵੀ ਦੇਹਰਾਦੂਨ, ਬਰਲੋਗੰਜ, ਮਸੂਰੀ ਅਤੇ ਅਨਾਰਵਾਲਾ ਨੂੰ ਬਿਜਲੀ ਸਪਲਾਈ ਕਰਦਾ ਹੈ।
ਬ੍ਰਿਟਿਸ਼ ਸਰਕਾਰ ਨੇ ਬਿਜਲੀ ਦੇ ਉਤਪਾਦਨ ਲਈ ਮਸੂਰੀ ਨੂੰ ਚੁਣਿਆ ਅਤੇ 1890 ਤੋਂ ਗਲੋਗੀ ਪਾਵਰ ਸਟੇਸ਼ਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸਾਲ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਹੇ ਹਾਂ, ਪਰ ਅਜੇ ਵੀ ਦੇਸ਼ ਵਿਚ ਕੁਝ ਅਜਿਹੇ ਇਲਾਕੇ ਹਨ, ਜਿੱਥੇ ਪਤਾ ਹੀ ਨਹੀਂ ਹੈ ਕਿ ਵਿਕਾਸ ਕਿਸਨੂੰ ਕਹਿੰਦੇ ਹਨ। ਇਸ ਇਤਿਹਾਸਕ ਹਾਈਡਲ ਪਾਵਰ ਸਟੇਸ਼ਨ ਨੇ ਉਸ ਸਮੇਂ ਇਲਾਕੇ 'ਚ ਵਿਕਾਸ ਦੇ ਖੇਤਰ ਵਿਚ ਯੋਗਦਾਨ ਪਾਇਆ ਜਦੋਂ ਭਾਰਤ ਅੰਗਰੇਜਾਂ ਦੀਆਂ ਬੇੜੀਆਂ 'ਚ ਹੀ ਜਕੜਿਆ ਹੋਇਆ ਸੀ।
9 ਨਵੰਬਰ 1912 ਨੂੰ ਇਹ ਪਲਾਂਟ ਭਾਰਤ ਦਾ ਦੂਜਾ ਪਾਵਰ ਸਟੇਸ਼ਨ ਬਣ ਗਿਆ ਸੀ। ਮਸੂਰੀ ਸਿਟੀ ਬੋਰਡ ਨੇ 70 ਸਾਲ ਤੱਕ ਇਹ ਪਲਾਂਟ ਚਲਾਇਆ ਅਤੇ ਬਾਅਦ 'ਚ 1976 ਵਿਚ ਉੱਤਰ ਪ੍ਰਦੇਸ਼ ਬਿਜਲੀ ਬੋਰਡ ਦੇ ਹਵਾਲੇ ਕਰ ਦਿੱਤਾ। ਇਸ ਪਾਵਰ ਪਲਾਂਟ ਦੇ ਯੋਗਦਾਨ ਸਦਕਾ ਮਸੂਰੀ ਨਗਰ ਪਾਲਿਕਾ ਅਮੀਰ ਬਣ ਗਿਆ।