ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਪਹਿਲੇ ਜੱਥੇ 'ਚ ਸ਼ਾਮਲ ਹਨ। ਇਨ੍ਹਾਂ ਨਾਲ 575 ਸ਼ਰਧਾਲੂ ਵੀ ਪਾਕਿ ਗੁਰਦੁਆਰਾ ਦਰਬਾਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ 'ਚ ਸ਼ਾਮਲ ਹਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਨੇ ਮੰਗਲਵਾਰ ਨੂੰ 575 ਲੋਕਾਂ ਦੀ ਸੂਚੀ ਪਾਕਿਸਤਾਨ ਨਾਲ ਸਾਂਝੀ ਕੀਤੀ। ਇਸਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਸੰਸਦ ਮੈਂਬਰ ਅਤੇ ਵਿਧਾਇਕ ਵੀ ਇਸ ਸਮੂਹ ਦਾ ਹਿੱਸਾ ਹੋਣਗੇ।
ਇਸ ਦੌਰਾਨ ਅਜਿਹੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਨੁਮਾਇੰਦਿਆਂ ਨਾਲ ਮਿਲ ਕੇ ਪੰਜਾਬ ਸਰਕਾਰ ਦੀ ਅਗਵਾਈ ਵਾਲੀ ਇੱਕ ਸੰਯੁਕਤ ਵਫ਼ਦ ਨੂੰ ‘ਅਖੰਡ ਪਾਠ’ ਅਤੇ ਨਨਕਾਣਾ ਸਾਹਿਬ ਵਿੱਚ 'ਨਗਰ ਕੀਰਤਨ' ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਹੀ ਪੰਜਾਬ ਸਰਕਾਰ ਦੇ 31 ਮੈਂਬਰੀ ਪ੍ਰਤੀਨਿਧੀ ਮੰਡਲ ਅਤੇ 450 ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ, ਜਦੋਂਕਿ ਭਾਰਤੀ ਹਾਈ ਕਮਿਸ਼ਨ ਨੇ ਇਸ ਦੀ ਸਿਫ਼ਾਰਿਸ਼ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਕੀਤੀ ਸੀ।
ਪਾਕਿਸਤਾਨ ਨੇ ਸ਼ਰਧਾਲੂ ਸਮੂਹ ਦੀ ਅਗਵਾਈ ਲਈ ਖੁਦ ਪਰਮਜੀਤ ਸਿੰਘ ਸਰਨਾ ਦੀ ਚੋਣ ਕੀਤੀ ਹੈ। ਪਾਕਿਸਤਾਨ ਨੇ ਅਜੇ ਤੱਕ ਭਾਰਤ ਵੱਲੋਂ ਦਿੱਤੇ ਪ੍ਰਸਤਾਵ ਦਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਜਿਸ ਵਿੱਚ 12 ਨਵੰਬਰ ਨੂੰ ‘ਗੁਰੁਪੁਰਬ’ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 1974 ਦੇ ਪ੍ਰੋਟੋਕੋਲ ਤਹਿਤ 3000 ਦੀ ਥਾਂ 10 ਹਜ਼ਾਰ ਕਰਨ ਲਈ ਕਿਹਾ ਗਿਆ ਸੀ।