ਅਮਰਾਵਤੀ : ਵਿਸ਼ਾਖਾਪਟਨਮ ਤੱਟ 'ਤੇ ਸਥਿਤ ਤੱਟ ਰੱਖਿਅਕ ਦੇ ਇੱਕ ਸਮੁੰਦਰੀ ਜਹਾਜ਼ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਜਹਾਜ਼ ਵਿੱਚ ਸਵਾਰ 28 ਮੁਲਾਜ਼ਮਾਂ ਨੂੰ ਬਚਾ ਲਿਆ ਗਿਆ ਹੈ ਜਦਕਿ ਚਾਲਕ ਦਲ ਦਾ ਇੱਕ ਮੈਂਬਰ ਲਾਪਤਾ ਹੈ।
ਪੂਰਬੀ ਸਮੁੰਦਰੀ ਕਮਾਂਡ ਦੇ ਇੱਕ ਬੁਲਾਰੇ ਮੁਤਾਬਕ ਜਿਸ ਸਮੇਂ ਜਹਾਜ਼ ਵਿੱਚ ਅੱਗ ਲੱਗੀ ਤਾਂ ਉਸ ਸਮੇਂ ਜਹਾਜ਼ ਕੋਸਟਲ ਜਗੁਆਰ ਦੇ ਚਾਲਕ ਦਲ ਦੇ ਮੈਂਬਰਾ ਨੇ ਖ਼ੁਦ ਦਾ ਬਚਾਅ ਕਰਨ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਕੋਸਟਲ ਜਗੁਆਰ ਜਹਾਜ਼ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਤੋਂ ਬਾਅਦ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ।
ਭਾਰਤੀ ਕੋਸਟ ਗਾਰਡ ਬਲ ਦੇ ਮੈਂਬਰ 28 ਲੋਕਾਂ ਬਚਾਉਣ ਵਿੱਚ ਸਫ਼ਲ ਹੋ ਗਏ ਪਰ ਇਨ੍ਹਾਂ 'ਚੋਂ ਇੱਕ ਮੈਂਬਰ ਅਜੇ ਤੱਕ ਲਾਪਤਾ ਹੈ। ਲਾਪਤਾ ਮੈਂਬਰ ਦੀ ਭਾਲ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਜਹਾਜ਼ ਦੇ ਵਿੱਚ ਕੁੱਲ 29 ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਇੱਕ ਮੈਂਬਰ ਲਾਪਤਾ ਹੈ ਅਤੇ 15 ਲੋਕ ਜ਼ਖਮੀ ਹੋ ਗਏ ਹਨ, ਇਨ੍ਹਾਂ ਚੋਂ ਪੰਜ ਗੰਭੀਰ ਜ਼ਖਮੀ ਹਨ।
ਆਈਸੀਜੀਐਸ ਸਮੁੰਦਰੀ ਗਾਰਡ, ਆਈਸੀਜੀ ਹੈਲੀਕਾਪਟਰ ਅਤੇ ਆਈਸੀਜੀਐਸ ਸੀ -352 ਵੀ ਬਚਾਅ ਕਾਰਜਾਂ ਵਿੱਚ ਸ਼ਾਮਲ ਹਨ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।