ਨਵੀਂ ਦਿੱਲੀ: ਕਿਸਾਨ ਸਾਰੇ 26 ਜਨਵਰੀ ਨੂੰ ਟਰੈਕਟਰ ਮਾਰਚ ਲਈ ਤਿਆਰ ਹਨ। ਕਿਸਾਨ ਦਿੱਲੀ ਦੇ ਲੋਕਾਂ ਨੂੰ ਦਿਖਾਉਣਗੇ ਕਿ ਖੇਤੀ ਨਾਲ ਜੁੜੇ ਸਾਧਨ ਕੀ ਹੁੰਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਕਿਸਾਨ ਆਪਣੀ ਜ਼ਿੰਦਗੀ ਨੂੰ ਖੇਤੀ ਲਈ ਕਿਉਂ ਸਮਰਪਿਤ ਕਰਦਾ ਹੈ। ਇਸ ਦੀ ਝਲਕ ਝਾਕੀ ਵਿੱਚ ਦਿਖਾਈ ਦੇਵੇਗੀ ਅਤੇ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਕਿਸਾਨ ਆਪਣੇ ਖੇਤੀ ਸੰਦਾਂ ਨੂੰ ਬੱਚਿਆਂ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ।
ਸੁੰਦਰ ਅਤੇ ਆਕਰਸ਼ਕ ਝਾਕੀਆਂ ਨਾਲ ਕੱਢਿਆ ਜਾਵੇਗਾ ਟਰੈਕਟਰ ਮਾਰਚ
ਕਿਸਾਨ ਆਗੂ ਅਤੇ ਪੁਲਿਸ ਅਧਿਕਾਰੀਆਂ ਦਰਮਿਆਨ ਹੋਈ ਗੱਲਬਾਤ ਵਿੱਚ ਦੋਵੇਂ ਧਿਰਾਂ ਇਸ ਨਤੀਜੇ ’ਤੇ ਪੁੱਜੇ ਕਿ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਟਰੈਕਟਰ ਮਾਰਚ ਕੱਢਣਗੇ। ਇਸ ਲਈ ਹਜ਼ਾਰਾਂ ਟਰੈਕਟਰ ਦਿੱਲੀ ਅਤੇ ਐਨਸੀਆਰ ਦੀਆਂ ਸੜਕਾਂ 'ਤੇ ਮਾਰਚ ਕਰਨਗੇ। ਕਿਸਾਨਾਂ ਅਨੁਸਾਰ ਜ਼ਿਆਦਾਤਰ ਟਰੈਕਟਰ ਮਾਰਚ ਲਈ ਸੋਮਵਾਰ ਦੁਪਹਿਰ ਤੱਕ ਦਿੱਲੀ ਪਹੁੰਚ ਜਾਣਗੇ।
ਕਿਸਾਨਾਂ ਨੇ ਆਪਣੀਆਂ ਤਿਆਰੀਆਂ ਕੀਤੀਆਂ ਮੁਕੰਮਲ
ਕਿਸਾਨਾਂ ਨੇ ਟਰੈਕਟਰ ਮਾਰਚ ਦੀ ਤਿਆਰੀ ਮੁਕੰਮਲ ਕਰ ਲਈ ਹੈ। ਇਸ ਲਈ, ਸੁੰਦਰ ਅਤੇ ਆਕਰਸ਼ਕ ਝਾਕੀਆਂ ਦੇ ਮਾਡਲ ਤਿਆਰ ਕੀਤੇ ਗਏ ਹਨ। ਇਸ ਵਿੱਚ ਕਿਸਾਨਾਂ ਨੇ ਦਿਖਾਇਆ ਹੈ ਕਿ ਜਦੋਂ ਇੱਕ ਛੋਟਾ ਬੱਚਾ ਪੈਦਾ ਹੁੰਦਾ ਹੈ, ਉਸ ਨੂੰ ਖੇਤੀਬਾੜੀ ਸੰਦਾਂ ਨਾਲ ਕਿਵੇਂ ਲਗਾਵ ਹੁੰਦਾ ਹੈ ਅਤੇ ਉਹ ਬੁੱਢਾ ਹੋਣ ਤੱਕ ਆਪਣੇ ਪਰਿਵਾਰ ਦਾ ਕਿਵੇਂ ਢਿੱਡ ਪਾਲਦਾ ਹੈ।
ਅੰਦੋਲਨ ਦੌਰਾਨ ਆਈਆਂ ਸਾਰੀਆਂ ਮੁਸ਼ਕਲਾਂ ਨੂੰ ਵੀ ਦਰਸਾਇਆ
ਕੱਲ 26 ਜਨਵਰੀ ਦੇ ਦਿਨ ਜੋ ਟਰੈਕਟਰ ਮਾਰਚ ਕੱਢਿਆ ਜਾਵੇਗਾ, ਉਸ ਵਿੱਚ ਟਰੈਕਟਰਾਂ ਨੂੰ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਅੰਦੋਲਨ ਦੀ ਸ਼ੁਰੂਆਤ, ਦਿੱਲੀ ਪਹੁੰਚਣ ਅਤੇ ਦਿੱਲੀ ਦੀਆਂ ਠੰਢੀਆਂ ਰਾਤਾਂ ਵਿੱਚ ਸੜਕਾਂ ‘ਤੇ ਅੰਦੋਲਨ ਕਰਨ ਅਤੇ ਕਿਸਾਨਾਂ ਦੀ ਮੌਤ ਤੱਕ ਜੋ ਮੁਸ਼ਕਲਾਂ ਆਈਆਂ ਹਨ, ਉਹ ਵੀ ਇਸ ਵਿੱਚ ਦਰਸਾਈਆਂ ਗਈਆਂ ਹਨ।
ਅਗਲੀ ਰੂਪਰੇਖਾ ਬਾਰੇ 26 ਜਨਵਰੀ ਤੋਂ ਬਾਅਦ ਹੋਵੇਗਾ ਫ਼ੈਸਲਾ
ਕਿਸਾਨ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਗੱਲਬਾਤ ਤੋਂ ਬਾਅਦ, ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਆਪਣੇ ਰੂਟ ਦਾ ਨਕਸ਼ਾ ਵੀ ਦਿੱਤਾ ਹੈ, ਜਿਸ ਵਿੱਚ ਕਿਸਾਨ ਇਸ ਕਦਮ ਨੂੰ ਆਪਣੀ ਜਿੱਤ ਮੰਨ ਰਹੇ ਹਨ। ਇਹ ਅੰਦੋਲਨ ਕਿਸ ਤਰ੍ਹਾਂ ਅੱਗੇ ਵਧੇਗਾ ਇਸ ਦੀ ਰੂਪਰੇਖਾ ਦਾ ਫ਼ੈਸਲਾ 26 ਤੋਂ ਬਾਅਦ ਕੀਤਾ ਜਾਵੇਗਾ।