ਨਵੀਂ ਦਿੱਲੀ: 23 ਮਾਰਚ 1931 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਅੱਜ ਸਾਰਾ ਦੇਸ਼ ਭਗਤ ਸਿੰਘ ਦੀ ਮਹਾਨ ਸ਼ਹਾਦਤ ਨੂੰ ਵੱਖ-ਵੱਖ ਤਰੀਕੇ ਨਾਲ ਯਾਦ ਕਰ ਰਿਹਾ ਹੈ। ਭਗਤ ਸਿੰਘ ਨਾਲ ਜੁੜੀਆਂਸਾਰੀਆਂ ਚੀਜ਼ਾਂ ਨੂੰ ਵੀ ਯਾਦਾਂ ਵਜੋਂ ਸਾਂਭਿਆ ਜਾ ਰਿਹਾ ਹੈ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਈਟੀਵੀ ਭਾਰਤ ਦੀ ਟੀਮ ਦਿੱਲੀ ਸਥਿਤ ਭਗਤ ਸਿੰਘ ਆਰਕਾਈਵਜ਼ ਐਂਡ ਰਿਸੋਰਸਿਜ਼ ਸੈਂਟਰ ਪਹੁੰਚੀ।
ਇਸ ਸੈਂਟਰ ਵਿੱਚ ਭਗਤ ਸਿੰਘ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਗਈਆਂ ਹਨ। ਉਨ੍ਹਾਂ ਦੇ ਜਨਮ ਤੋਂ ਲੈ ਕੇ ਫਾਂਸੀ ਦੀ ਸਜ਼ਾ ਤੱਕ ਦੀ ਸਾਰੀਆਂ ਯਾਦਾਂ ਇਸ ਆਰਕਾਈਵਜ਼ ਸੈਂਟਰ ਵਿੱਚ ਪਿਰੋ ਕੇ ਰੱਖੀਆਂ ਗਈਆਂ ਹਨ। ਇੱਥੇ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਭਗਤ ਸਿੰਘ ਦੀ ਜੇਲ੍ਹ ਨਾਲ ਜੁੜੀਆਂ ਯਾਦਾਂ ਵੀ ਮੌਜੂਦ ਹਨ। ਉਸ ਦੌਰ ਵਿੱਚ ਭਗਤ ਸਿੰਘ ਨੌਜਵਾਨਾਂ ਅਤੇ ਬੱਚਿਆਂ ਲਈ ਕਿਸ ਤਰ੍ਹਾਂ ਨਾਲ ਪ੍ਰੇਰਨਾ ਸਰੋਤ ਸਨ, ਇਸ ਦਾ ਗਿਆਨ ਇੱਥੇ ਆ ਕੇ ਮਿਲਦਾ ਹੈ।
ਆਰਕਾਈਵਜ਼ ਸੈਂਟਰ ਵਿੱਚ ਇੱਕ 1930 ਦੀ ਚਿੱਠੀ ਵੀ ਮੌਜੂਦ ਹੈ ਜੋ ਕਿ ਦਿੱਲੀ ਦੇ ਇੱਕ ਸਕੂਲ ਨਾਲ ਸਬੰਧਤ ਹੈ। ਇਸ ਸਕੂਲ ਵਿੱਚ ਉਸ ਵੇਲੇ ਨੌਵੀਂ ਜਮਾਤ ਦੇ ਵਿਦਿਆਰਥੀ ਭਗਤ ਸਿੰਘ ਪ੍ਰਤੀ ਆਪਣਾ ਪਿਆਰ ਦਰਸਾਉਣ ਲਈ ਆਪਣੇ ਕਮੀਜ਼ਾਂ 'ਤੇ ਭਗਤ ਸਿੰਘ ਦੀਆਂ ਤਸਵੀਰਾਂ ਲਗਾ ਕੇ ਸਕੂਲ ਗਏ ਸਨ। ਭਗਤ ਸਿੰਘ ਨਾਲ ਜੁੜੀਆਂ ਚੀਜ਼ਾਂ ਬਾਰੇ ਵਿਸਥਾਰ ਵਿੱਚ ਜਾਨਣ ਲਈ ਈਟੀਵੀ ਭਾਰਤ ਵੱਲੋਂ ਆਰਕਾਈਵਜ਼ ਦੇ ਅਧਿਕਾਰੀ ਨਾਲ ਗੱਲਬਾਤ ਵੀ ਕੀਤੀ ਗਈ।