ਮੁੰਬਈ: ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਜੈੱਟ ਏਅਰਵੇਜ਼ ਦੇ ਸਾਬਕਾ ਚੇਅਰਮੈਨ ਨਰੇਸ਼ ਗੋਇਲ ਦੇ ਘਰ 'ਤੇ ਛਾਪੇਮਾਰੀ ਕੀਤੀ। ਨਰੇਸ਼ 'ਤੇ ਕਥਿਤ ਤੌਰ' ਤੇ ਮਨੀ ਲਾਂਡਰਿੰਗ ਮਾਮਲੇ 'ਚ ਸ਼ਾਮਿਲ ਹੋਣ ਦੇ ਦੋਸ਼ ਲੱਗੇ ਹਨ। ED ਇਸ ਮਾਮਲੇ ਵਿੱਚ ਨਰੇਸ਼ ਗੋਇਲ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਸੂਤਰਾਂ ਮੁਤਾਬਕ ਨਰੇਸ਼ ਗੋਇਲ ਖਿਲਾਫ਼ ਮਨੀ ਲਾਂਡਰਿੰਗ ਰੋਕੂ ਐਕਟ, 2002 (ਪੀਐਮਐਲਏ) ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਈਡੀ ਨੇ ਮੁੰਬਈ ਪੁਲਿਸ ਦੀ ਐਫ਼ਆਈਆਰ ਦੇ ਅਧਾਰ 'ਤੇ ਨਰੇਸ਼ ਗੋਇਲ ਦੇ ਖਿਲਾਫ਼ ਨਵਾਂ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸੱਜਣ ਕੁਮਾਰ ਦੀ ਦਿੱਲੀ AIIMS ’ਚ ਹੋਵੇਗੀ ਮੈਡੀਕਲ ਜਾਂਚ- 1984 ਸਿੱਖ ਕਤਲੇਆਮ ਮਾਮਲਾ
ਦੱਸਣਯੋਗ ਹੈ ਕਿ ਮੁੰਬਈ ਪੁਲਿਸ ਨੇ ਇੱਕ ਟਰੈਵਲ ਏਜੰਸੀ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਅਦਾਲਤ ਦੇ ਆਦੇਸ਼ਾਂ 'ਤੇ ਇਹ ਐਫ਼ਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਨਰੇਸ਼ ਗੋਇਲ ਦੀ ਪਤਨੀ ਅਨੀਤਾ ਗੋਇਲ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ।
ਨਰੇਸ਼ ਚੇਅਰਮੈਨ ਦੇ ਅਹੁਦੇ ਤੋਂ ਪਹਿਲਾਂ ਦੇ ਚੁੱਕੇ ਨੇ ਅਸਤੀਫ਼ਾ
ਤੁਹਾਨੂੰ ਦੱਸ ਦੇਈਏ ਕਿ ਨਰੇਸ਼ ਗੋਇਲ ਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਨੇ ਜੈੱਟ ਏਅਰਵੇਜ਼ ਦੇ ਮਾੜੇ ਹਾਲਾਤ ਪੈਦਾ ਹੋਣ ਤੋਂ ਬਾਅਦ ਜੈੱਟ ਏਅਰਵੇਜ਼ ਦੇ ਬੋਰਡ ਆਫ਼ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੌਰਾਨ ਗੋਇਲ ਨੇ ਜੈੱਟ ਏਅਰਵੇਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ।