ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਮਵਾਰ ਤੋਂ ਦਿੱਲੀ ਵਿੱਚ 10 ਐਂਬੂਲੈਂਸਾਂ ਸ਼ੁਰੂ ਕਰਨ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 'ਬਾਲਾ ਪ੍ਰੀਤਮ ਦਵਾਖਾਨਾ' ਖੋਲ੍ਹਣ ਦਾ ਐਲਾਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਉਣ 'ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵੇਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਨੇ 10 ਐਂਬੂਲੈਂਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਇਨ੍ਹਾਂ ਵਿੱਚੋਂ 5 ਐਂਬੂਲੈਂਸ ਦਿੱਲੀ ਦੇ ਪੰਜ ਕੋਨਿਆਂ ਵਿੱਚ ਹਾਜ਼ਰ ਰਹਿਣਗੀਆਂ। ਈਸਟ ਦਿੱਲੀ ਤੋਂ ਇਲਾਵਾ ਸੈਂਟਰਲ ਦਿੱਲੀ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ, ਵੈਸਟ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਇੰਜੀਨੀਅਰਿੰਗ ਕਾਲਜ ਵਿਖੇ, ਸਾਊਥ ਦਿੱਲੀ ਵਿੱਚ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅਤੇ ਨਾਰਥ ਦਿੱਲੀ ਵਿੱਚ ਗੁਰਦੁਆਰਾ ਨਾਨਕ ਪਿਆਊ ਵਿਖੇ ਇਹ ਐਂਬੂਲੈਂਸਾਂ ਖੜੀਆਂ ਰਹਿਣਗੀਆਂ ਤੇ ਲੋੜ ਪੈਣ 'ਤੇ ਤੁਰੰਤ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਲਈ ਸੇਵਾਵਾਂ ਦੇਣਗੀਆਂ। ਇਨ੍ਹਾਂ ਐਂਬੂਲੈਂਸਾਂ ਦੀਆਂ ਸੇਵਾਵਾਂ ਲੈਣ ਲਈ ਮੋਬਾਈਲ ਨੰਬਰ ਜਾਰੀ ਕੀਤੇ ਜਾਣਗੇ, ਜਿਸ 'ਤੇ ਫੋਨ ਕਰਕੇ ਮਰੀਜ਼ ਇਨ੍ਹਾਂ ਐਂਬੂਲੈਂਸਾਂ ਤੋਂ ਸੇਵਾ ਪ੍ਰਾਪਤ ਕਰ ਸਕਦਾ ਹੈ।
ਇਹ ਵੀ ਪੜ੍ਹੋ: ਦਿੱਲੀ ਦੇ RML ਹਸਪਤਾਲ 'ਚ ਲਾਸ਼ਾਂ ਨਾਲ ਰਹਿਣ ਲਈ ਮਜਬੂਰ ਕੋਰੋਨਾ ਮਰੀਜ਼
ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿੱਚ 'ਬਾਲਾ ਪ੍ਰੀਤਮ ਦਵਾਖਾਨਾ' ਖੋਲ੍ਹਣ ਦਾ ਵੀ ਫੈਸਲਾ ਕੀਤਾ ਹੈ। ਇਸ ਲਈ ਲੋੜੀਂਦੀ ਪ੍ਰਵਾਨਗੀ ਲੈਣ ਲਈ ਅਰਜ਼ੀਆਂ ਦੇ ਦਿੱਤੀਆਂ ਗਈਆਂ ਹਨ ਤੇ ਸੰਭਾਵਨਾ ਹੈ ਕਿ 3 ਤੋਂ 4 ਦਿਨ ਵਿੱਚ ਇਹ ਪ੍ਰਵਾਨਗੀਆਂ ਮਿਲ ਜਾਣਗੀਆਂ। ਜੇਕਰ ਇੱਕ ਵਾਰ ਇਹ ਤਜ਼ਰਬਾ ਸਫ਼ਲ ਹੋ ਗਿਆ ਤਾਂ ਫਿਰ ਦਿੱਲੀ ਦੇ ਹੋਰਨਾਂ ਖੇਤਰਾਂ ਵਿੱਚ ਵੀ ਅਜਿਹੇ ਦਵਾਖਾਨੇ ਖੋਲ੍ਹੇ ਜਾਣਗੇ।
ਗੁਰਦੁਆਰਾ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਐਂਬੂਲੈਂਸਾ ਲਈ ਸੰਗਤਾਂ ਵਧ ਚੜ੍ਹ ਕੇ ਯੋਗਦਾਨ ਪਾਉਣ। ਕਮੇਟੀ ਆਗੂਆਂ ਨੇ ਕਿਹਾ ਕਿ ਭਾਵੇਂ ਕੋਰੋਨਾ ਮਹਾਂਮਾਰੀ ਕਾਰਨ ਇਸ ਵੇਲੇ ਗੁਰਦੁਆਰਾ ਸਾਹਿਬਾਨ ਵਿੱਚ ਸੰਗਤ ਦੀ ਹਾਜ਼ਰੀ ਘੱਟ ਹੈ ਪਰ ਸੰਗਤਾਂ ਵੱਲੋਂ ਵਧ ਚੜ੍ਹ ਕੇ ਗੁਰਦੁਆਰਾ ਸਾਹਿਬਾਨ ਲਈ ਸ਼ਰਧਾ ਮੁਤਾਬਕ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਲਈ ਉਹ ਹਮੇਸ਼ਾ ਸੰਗਤ ਦੇ ਰਿਣੀ ਰਹਿਣਗੇ।