ਨਵੀਂ ਦਿੱਲੀ: ਦਿੱਲੀ ਵਿੱਚ ਲਗਾਤਾਰ ਦੂਸਰੇ ਦਿਨ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਮਾਮਲਿਆਂ ਦਾ ਅੰਕੜਾ ਇੱਕ ਹਜ਼ਾਰ ਤੋਂ ਘੱਟ ਰਿਹਾ।
ਦੱਸਣਯੋਗ ਹੈ ਕਿ ਜੂਨ ਮਹੀਨੇ ਵਿੱਚ ਕੇਸ 4 ਹਜ਼ਾਰ ਦੇ ਕਰੀਬ ਪਹੁੰਚਣ ਤੋਂ ਬਾਅਦ ਜੁਲਾਈ ਵਿੱਚ 2 ਦਿਨਾਂ ਦਾ ਕੋਰੋਨਾ ਮਾਮਲਿਆਂ ਦਾ ਅੰਕੜਾ ਹਜ਼ਾਰ ਤੋਂ ਘੱਟ ਹੋਇਆ ਸੀ। ਅਗਸਤ ਦੇ ਸ਼ੁਰੂਆਤੀ ਦਿਨਾਂ ਵਿੱਚ ਜੋ ਅੰਕੜੇ ਸਾਹਮਣੇ ਆਏ ਉਹ ਵੀ ਹਜ਼ਾਰ ਤੋਂ ਘੱਟ ਹਨ। ਹਾਲਾਂਕਿ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ 2 ਦਿਨਾਂ ਵਿੱਚ ਕਾਫੀ ਘੱਟ ਕੋਰੋਨਾ ਟੈਸਟ ਹੋਏ ਹਨ। ਬੀਤੇ 24 ਘੰਟਿਆਂ ਵਿੱਚ ਮਹਿਜ਼ 10,133 ਟੈਸਟ ਹੋਏ ਹਨ।
ਇਨ੍ਹਾਂ ਵਿੱਚੋਂ ਸਿਰਫ਼ 805 ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1,38,482 ਹੋ ਗਈ ਹੈ।
ਦਿੱਲੀ ਵਿੱਚ ਪਿਛਲੇ ਮਹੀਨੇ ਦੇ ਮੁਤਾਬਕ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਵਿੱਚ ਵੀ ਹੁਣ ਕਮੀ ਦੇਖਣ ਨੂੰ ਮਿਲੀ ਹੈ। ਬੀਤੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਕਾਰਨ 17 ਮਰੀਜ਼ਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਦਾ ਕੁੱਲ ਅੰਕੜਾ 4021 'ਤੇ ਪਹੁੰਚ ਗਿਆ ਹੈ।