ਨਵੀਂ ਦਿੱਲੀ: ਨਿਰਭਯਾ ਜਬਰ-ਜਨਾਹ ਦੇ ਦੋਸ਼ੀਆਂ ਦੀ ਫਾਂਸੀ ਮੁੜ ਤੋਂ ਟਾਲ ਦਿੱਤੀ ਗਈ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਲੇ ਹੁਕਮਾਂ ਤੱਕ ਭਲਕੇ ਹੋਣ ਵਾਲੀ ਫਾਂਸੀ ਉੱਤੇ ਰੋਕ ਲਗਾ ਦਿੱਤਾ। ਇਸ ਨੂੰ ਲੈ ਕੇ ਨਿਰਭਯਾ ਦੀ ਮਾਂ ਦਾ ਬਿਆਨ ਆਇਆ ਹੈ।
ਉਨ੍ਹਾਂ ਦਾ ਕਹਿਣਾ ਹੈ, "ਅਦਾਲਤ ਦੋਸ਼ੀਆਂ ਨੂੰ ਫਾਂਸੀ ਦੇਣ ਦੇ ਆਪਣੇ ਹੁਕਮ ਦੀ ਪਾਲਣਾ ਕਰਨ ਵਿੱਚ ਇੰਨਾ ਸਮਾਂ ਕਿਉਂ ਲਗਾ ਰਹੀ ਹੈ। ਫਾਂਸੀ ਦਾ ਵਾਰ-ਵਾਰ ਟਲਣਾ ਸਾਡੇ ਸਿਸਟਮ ਦੀ ਨਾਕਾਮੀ ਨੂੰ ਵਿਖਾਉਂਦਾ ਹੈ। ਸਾਡਾ ਪੂਰਾ ਸਿਸਟਮ ਅਪਰਾਧੀਆਂ ਦੀ ਮਦਦ ਕਰਦਾ ਹੈ।"
ਦੱਸ ਦਈਏ ਕਿ ਪਟਿਆਲਾ ਹਾਊਸ ਕੋਰਟ ਵਿੱਚ ਦੋਸ਼ੀ ਪਵਨ ਨੇ ਅਪੀਲ ਕਰਦਿਆਂ ਕਿਹਾ ਕਿ ਉਸ ਦੀ ਰਹਿਮ ਪਟੀਸ਼ਨ ਅਜੇ ਰਾਸ਼ਟਰਪਤੀ ਕੋਲ ਪੈਂਡਿੰਗ ਹੈ, ਇਸੇ ਲਈ ਭਲਕੇ ਹੋਣ ਵਾਲੀ ਫਾਂਸੀ ਦੀ ਸਜ਼ਾ ਉੱਤੇ ਰੋਕ ਲਗਾਈ ਜਾਵੇ।
ਇਹ ਤੀਜੀ ਵਾਰ ਹੋਇਆ ਹੈ ਜਦੋਂ ਦੋਸ਼ੀਆਂ ਨੂੰ ਫਾਂਸੀ 'ਤੇ ਰੋਕ ਲਗਾਈ ਗਈ ਹੈ। ਦੱਸ ਦਈਏ ਕਿ ਫਾਂਸੀ ਦੀ ਤਰੀਕ ਪਹਿਲਾਂ 22 ਜਨਵਰੀ ਨੂੰ ਨਿਰਧਾਰਤ ਕੀਤੀ ਗਈ ਸੀ। ਇਸ ਤੋਂ ਬਾਅਦ ਫਾਂਸੀ ਦੀ ਤਰੀਕ 1 ਫਰਵਰੀ ਰੱਖੀ ਗਈ ਸੀ।