ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਵਿੱਚ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਲੋਕ ਵੀ ਸ਼ਾਮਲ ਹਨ।
ਇਹ ਵੀ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਆਫਤ ਐਲਾਨਣ ਦਾ ਫੈਸਲਾ ਲਿਆ ਹੈ ਤਾਂ ਜੋ ਸਾਰੀਆਂ ਰਾਜ ਸਰਕਾਰਾਂ ਵਾਇਰਸ ਨਾਲ ਲੜਨ ਲਈ ਰਾਜ ਆਫਤ ਪ੍ਰਤਿਕਿਰਿਆ ਫੰਡ ਦੀ ਵਰਤੋਂ ਕਰ ਸਕਣ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦਿੱਲੀ, ਹਰਿਆਣਾ, ਕਰਨਾਟਕ, ਮਹਾਰਾਸ਼ਟਰ, ਕੇਰਲ, ਉੱਤਰ ਪ੍ਰਦੇਸ਼, ਪੰਜਾਬ ਸਣੇ ਘੱਟੋ-ਘੱਟ 13 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਸਿਹਤ ਵਿਭਾਗ ਨੇ ਇਸ ਨੂੰ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ।
ਸਰਕਾਰ ਨੇ ਕਿਹਾ ਹੈ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮੰਤਰਾਲੇ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 83 ਹੋ ਗਈ ਹੈ ਜਿਨ੍ਹਾਂ ਵਿੱਚੋਂ ਦਿੱਲੀ ਅਤੇ ਕਰਨਾਟਕ ਤੋਂ 2 ਲੋਕਾਂ ਦੀ ਮੌਤ ਵੀ ਹੋ ਗਈ ਹੈ।
ਕੋਰੋਨਾ ਵਾਇਰਸ ਕਾਰਨ ਹੁਣ ਤੱਕ 5000 ਤੋਂ ਵੱਧ ਲੋਕਾਂ ਦੀ ਮੌਤ
ਕੋਰੋਨਾ ਵਾਇਰਸ ਜਿਸ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਚੀਨ ਵਿੱਚ ਦਸਤਕ ਦਿੱਤੀ ਸੀ, ਹੁਣ ਇੱਕ ਵਿਸ਼ਵਵਿਆਪੀ ਮਹਾਂਮਾਰੀ ਬਣ ਗਿਆ ਹੈ। ਇਸ ਵਾਇਰਸ ਨਾਲ ਹੁਣ ਤੱਕ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦ ਕਿ ਵਿਸ਼ਵ ਭਰ ਵਿਚ 1,34,300 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ।
ਇਕੱਲੇ ਚੀਨ ਵਿਚ ਇਸ ਬਿਮਾਰੀ ਕਾਰਨ ਹੁਣ ਤਕ 3,176 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਕਾਰਨ ਇਟਲੀ ਵਿਚ 1,016 ਅਤੇ ਇਰਾਨ ਵਿਚ 514 ਮੌਤਾਂ ਹੋਈਆਂ ਹਨ। ਵਾਇਰਸ ਨਾਲ ਸਪੇਨ ਵਿਚ 120 ਮੌਤਾਂ ਹੋ ਚੁੱਕੀਆਂ ਹਨ ਜਦ ਕਿ 4,209 ਲੋਕ ਪੀੜਤ ਹੋ ਚੁੱਕੇ ਹਨ।
ਬਿਹਾਰ ਦੇ 2 ਜ਼ਿਲ੍ਹਿਆਂ ਵਿੱਚ ਕੋਰੋਨਾ ਨੂੰ ਲੈ ਕੇ ਧਾਰਾ 144 ਲਾਗੂ
ਦੱਸ ਦਈਏ ਕਿ ਕੋਰੋਨਾ ਵਾਇਰਸ ਨੂੰ ਵੇਖਦਿਆਂ ਬਿਹਾਰ ਪ੍ਰਸ਼ਾਸਨ ਨੇ ਸ਼ਿਵਹਰ ਅਤੇ ਬਕਸਰ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਸ਼ਿਵਹਰ ਬਿਹਾਰ ਦਾ ਪਹਿਲਾ ਜ਼ਿਲ੍ਹਾ ਹੈ ਜਿਥੇ ਕੋਰੋਨਾ ਨੂੰ ਲੈ ਕੇ ਧਾਰਾ 144 ਲਗਾਈ ਗਈ ਹੈ। ਬਿਹਾਰ ਸਰਕਾਰ ਕੋਰੋਨਾ ਨੂੰ ਲੈ ਕੇ ਅਲਰਟ 'ਤੇ ਹੈ।