ਨਵੀਂ ਦਿੱਲੀ: ਭਾਰਤ 'ਚ ਵੀ ਕੋਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ। ਦੂਜੇ ਪਾਸੇ ਭਾਰਤ ਨੇ ਵੀ ਇਸ ਨਾਲ ਲੜਨ ਦੀ ਪੂਰੀ ਤਿਆਰ ਕਰ ਲਈ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ। ਜਿਸ ਨਾਲ ਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 31 ਹੋ ਗਈ ਹੈ, ਜਿਨ੍ਹਾਂ ਵਿਚੋਂ ਤਿੰਨ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।
ਮਹਾਂਮਾਰੀ ਬਾਰੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਬਿਮਾਰੀ ਦੀ ਰੋਕਥਾਮ ਨਹੀਂ ਹੁੰਦੀ ਉਦੋਂ ਤੱਕ ਸਮੂਹਕ ਸਮਾਗਮਾਂ 'ਚ ਨਾ ਜਾਇਆ ਜਾਵੇ।
ਗ੍ਰਹਿ ਸਕੱਤਰ ਨੇ ਤਿਆਰੀਆਂ ਦਾ ਲਿਆ ਜਾਇਜ਼ਾ
ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਗੁਆਂਢੀ ਦੇਸ਼ਾਂ ਤੋਂ ਜ਼ਮੀਨੀ ਸਰਹੱਦਾਂ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਪ੍ਰਕਿਰਿਆ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਐਂਟਰੀ ਪੁਆਇੰਟ ‘ਤੇ 4 ਘੰਟੇ ਡਾਕਟਰਾਂ ਦੀ ਤਾਇਨਾਤੀ ਨੂੰ ਯਕੀਨੀ ਬਣਾਉਣ।
ਉਨ੍ਹਾਂ ਮੁੱਖ ਸਕੱਤਰਾਂ, ਪੁਲਿਸ ਦੇ ਡਾਇਰੈਕਟਰ ਜਨਰਲ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਸਿੱਕਮ, ਉਤਰਾਖੰਡ ਅਤੇ ਪੰਜਾਬ ਵੱਲੋਂ ਦੇਸ਼ ਵਿੱਚ ਇਨ੍ਹਾਂ ਐਂਟਰੀ ਪੁਆਇੰਟਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਦਾ ਜਾਇਜ਼ਾ ਲਿਆ। ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ, ਬੀਐਸਐਫ ਅਤੇ ਐਸਐਸਬੀ ਦੇ ਡਾਇਰੈਕਟਰ ਜਨਰਲ ਦੇ ਨਾਲ ਇਸ ਲਈ ਇੱਕ ਵੀਡੀਓ ਕਾਨਫਰੰਸ ਵੀ ਕੀਤੀ ਗਈ ਸੀ।
ਦਵਾਈਆਂ ਦੀ ਕੋਈ ਘਾਟ ਨਹੀਂ
ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਦਵਾਈਆਂ ਅਤੇ ਇਸ ਦੇ ਕੱਚੇ ਮਾਲ ਦੀ ਕੋਈ ਘਾਟ ਨਹੀਂ ਹੈ। ਅਗਲੇ ਤਿੰਨ ਮਹੀਨਿਆਂ ਲਈ ਦਵਾਈਆਂ ਦੇ ਨਿਰਮਾਣ ਲਈ ਕੱਚੇ ਮਾਲ ਦੀ ਢੁਕਵੀਂ ਸਪਲਾਈ ਉਪਲਬਧ ਹੈ।
ਦਿੱਲੀ ਵਿੱਚ ਕੋਰੋਨਾ ਵਾਇਰਸ
ਦੁਨੀਆ ਦੇ ਕਈ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਸ਼ਟਰਪਤੀ ਭਵਨ ਦਾ ਪ੍ਰਸਿੱਧ ਮੁਗਲ ਗਾਰਡਨ ਸ਼ਨੀਵਾਰ ਤੋਂ ਆਮ ਲੋਕਾਂ ਲਈ ਬੰਦ ਰਹੇਗਾ।
ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ
ਮਥੁਰਾ, ਦਿੱਲੀ, ਨੋਇਡਾ, ਗਾਜ਼ੀਆਬਾਦ, ਜੈਪੁਰ ਅਤੇ ਆਗਰਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਮਥੁਰਾ-ਵਰਿੰਦਾਵਨ ਦੀਆਂ ਸੰਸਥਾਵਾਂ ਹੋਲੀ ਪ੍ਰੋਗਰਾਮ ਰੱਦ ਕਰ ਰਹੀਆਂ ਹਨ।
ਕੋਰੋਨਾ ਵਾਇਰਸ: ਈਰਾਨ 'ਚ 107 ਮੌਤਾਂ, ਤਿੰਨ ਹਜ਼ਾਰ ਪੀੜਤ
ਆਗਰਾ ਵਿੱਚ ਸ਼ਹਿਰ ਦੇ ਇਕੋ ਪਰਿਵਾਰ ਦੇ 6 ਮੈਂਬਰਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਸ਼ੇਸ਼ ਸਾਵਧਾਨੀ ਵਰਤੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਣ ਦੇ ਸ਼ੱਕ ਵਿੱਚ ਹੁਣ ਤੱਕ 175 ਨਮੂਨੇ ਇਕੱਠੇ ਕੀਤੇ ਗਏ ਹਨ। ਇਨ੍ਹਾਂ ਵਿੱਚੋਂ, 157 ਵਿਅਕਤੀਆਂ ਦੀ ਨੈਗਟਿਵ ਰਿਪੋਰਟ ਹੈ।
16 ਹਜ਼ਾਰ ਤੋਂ ਵੱਧ ਨੂੰ ਨਹੀਂ ਮਿਲੀ ਬੰਦਰਗਾਹਾਂ 'ਤੇ ਉਤਰਨ ਦੀ ਇਜਾਜ਼ਤ
ਸਮੁੰਦਰੀ ਜ਼ਹਾਜ਼ ਮੰਤਰਾਲੇ ਨੇ ਵੀਰਵਾਰ ਨੂੰ ਖੁਲਾਸਾ ਕੀਤਾ ਕਿ ਸਾਵਧਾਨੀ ਵਜੋਂ ਚੀਨ ਜਾਂ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਤੋਂ ਆਏ 452 ਸਮੁੰਦਰੀ ਜਹਾਜ਼ਾਂ ਦੇ 16,076 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸਾਵਧਾਨੀ ਵਜੋਂ ਭਾਰਤੀ ਬੰਦਰਗਾਹਾਂ 'ਤੇ ਉਤਰਨ ਦੀ ਆਗਿਆ ਨਹੀਂ ਹੈ।