ਬਰਨਾਲਾ: ਪੰਜਾਬ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਦੌਰਾਨ ਜੰਮ ਕੇ ਆਪਣੀ ਵਾਹ ਲਾਈ, ਜਿੱਥੇ ਸੱਤਾਧਿਰ ਆਮ ਆਦਮੀ ਪਾਰਟੀ ਲਈ ਇਹ ਸੀਟ ਜਿੱਤਣੀ ਵੱਕਾਰ ਦਾ ਸਵਾਲ ਬਣੀ ਹੋਈ ਹੈ, ਉੱਥੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋ ਤੇ ਉਨ੍ਹਾਂ ਦੇ ਸਟਾਰ ਪ੍ਰਚਾਰਕਾਂ ਵਲੋਂ ਚੋਣ ਪ੍ਰਚਾਰ ਵਿੱਚ ਖਾਸਾ ਜ਼ੋਰ ਦਿਖਾਇਆ ਜਾ ਰਿਹਾ ਹੈ। ਗੱਲ ਜੇਕਰ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਢਿੱਲੋ ਕਾਲਾ ਦੀ ਕਰੀਏ ਤਾਂ, ਉਹ ਵੀ ਲੋਕਾਂ ਵਿੱਚ ਵਿਚਰਦੇ ਦਿਖਾਈ ਦੇ ਰਹੇ ਹਨ।
ਬਰਨਾਲਾ ਵਿਧਾਨਸਭਾ ਸੀਟ
- ਕੁੱਲ 20 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਸਨ।
- ਜਿਨ੍ਹਾਂ ਚੋਂ 15 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਨੂੰ ਹੀ ਮਾਨਤਾ ਦਿੱਤੀ ਗਈ।
- 4 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ।
- ਜਦਕਿ, ਇੱਕ ਉਮੀਦਵਾਰ ਨੇ ਆਪਣੇ ਕਾਗਜ਼ ਵਾਪਸ ਲੈ ਲਏ।
ਬਰਨਾਲਾ: ਸਿਆਸੀ ਸਮੀਕਰਨ
ਕੌਣ ਹੈ ਸੱਤਾਧਿਰ ਦਾ ਉਮੀਦਵਾਰ: ਹਰਿੰਦਰ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ, ਜੋ ਕਿ ਮੀਤ ਹੇਅਰ ਦੇ ਬੇਹਦ ਕਰੀਬ ਹਨ। ਹਰਿੰਦਰ ਧਾਲੀਵਾਲ ਦੀ ਉਮਰ 35 ਸਾਲ ਹੈ, ਜੋ ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਦੇ ਰਹਿਣ ਵਾਲੇ ਹਨ। ਹਰਿੰਦਰ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਹਰਿੰਦਰ ਦੇ ਪਿਤਾ ਵੈਟਰਨਰੀ ਵਿਭਾਗ ਤੋਂ ਰਿਟਾਇਰਡ ਇੰਸਪੈਕਰ ਹਨ। ਸਾਂਸਦ ਮੀਤ ਹੇਅਰ ਤੇ ਹਰਿੰਦਰ ਧਾਲੀਵਾਲ ਇੱਕਠੇ ਪੜ੍ਹੇ ਹਨ। ਇਸ ਤੋਂ ਬਾਅਦ ਸਿਆਸੀ ਦੁਨੀਆ ਵਿੱਚ ਵੀ ਦੋਸਤ ਮੀਤ ਹੇਅਰ ਲਈ ਆਪ ਵਿੱਚ ਸ਼ਾਮਲ ਹੋਏ ਅਤੇ ਲੰਮੇ ਸਮੇਂ ਤੋਂ ਆਪ ਵਿੱਚ ਐਕਟਿਵ ਹਨ।
ਸਾਲ 2024 ਲੋਕ ਸਭਾ ਚੋਣਾਂ ਵਿੱਚ ਬਰਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕੈਬਿਨਟ ਮੰਤਰੀ ਗੁਰਮੀਤ ਮੀਤ ਹੇਅਰ ਨੇ ਲੋਕ ਸਭਾ ਸੀਟ ਉੱਤੇ ਕਾਬਜ਼ ਕਰਕੇ ਇਹ ਸੀਟ ਜਿੱਤੀ ਸੀ। ਹਰਿੰਦਰ ਧਾਲੀਵਾਲ ਮੀਤ ਹੇਅਰ ਦੇ ਕਾਫੀ ਕਰੀਬੀ ਹਨ।
ਕੁਲਦੀਪ ਸਿੰਘ ਢਿੱਲੋ 'ਕਾਲਾ', ਕਾਂਗਰਸ ਉਮੀਦਵਾਰ
ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਬਰਨਾਲਾ ਵਿੱਚ ਕੁਲਦੀਪ ਸਿੰਘ ਢਿੱਲੋ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹਾਲ ਹੀ ਵਿੱਚ, ਬਰਨਾਲਾ ਵਿਖੇ ਕੁਲਦੀਪ ਸਿੰਘ ਢਿੱਲੋ ਲਈ ਕਾਂਗਰਸ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਪੂਰੇ ਜ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਤੇ ਦਾਅਵਾ ਕੀਤਾ ਕਿ ਸੰਸਦ ਮੈਂਬਰ ਮੀਤ ਹੇਅਰ ਲੋਕਾਂ ਦੇ ਫ਼ੋਨ ਵੀ ਨਹੀਂ ਚੁੱਕਦਾ ਤੇ ਨਾ ਹੀ ਲੋਕਾਂ ਨੂੰ ਬਰਨਾਲੇ ’ਚ ਮਿਲਦਾ ਹੈ। ਜਦਕਿ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 24 ਘੰਟੇ ਬਰਨਾਲਾ ’ਚ ਹਾਜ਼ਰ ਰਹਿੰਦੇ ਹਨ ਤੇ ਹਰ ਫ਼ੋਨ ਨੂੰ ਤਵੱਜੋ ਦਿੰਦੇ ਹਨ।
ਕੇਵਲ ਸਿੰਘ ਢਿੱਲੋ, ਭਾਜਪਾ ਉਮੀਦਵਾਰ
ਭਾਜਪਾ ਵੱਲੋਂ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਕੇਵਲ ਸਿੰਘ ਢਿੱਲੋ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕੇਵਲ ਸਿੰਘ ਢਿੱਲੋ ਵੀ ਸਿਆਸਤ ਵਿੱਚ ਕਾਫੀ ਪੁਰਾਣੇ ਹਨ ਅਤੇ ਉਹ ਵੀ ਕੁਝ ਸਮਾਂ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਕੇਵਲ ਸਿੰਘ ਢਿੱਲੋਂ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਹਨ। 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕੇਵਲ ਸਿੰਘ ਢਿੱਲੋ ਕਾਂਗਰਸ ਦੀ ਟਿਕਟ ਤੋਂ ਖੜੇ ਹੋਏ ਸਨ, ਪਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਮੀਤ ਮੀਤ ਹੇਅਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2019 ਦੇ ਵਿੱਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ ਤੋਂ ਹੀ ਲੋਕ ਸਭਾ ਚੋਣਾਂ ਵਿੱਚ ਵੀ ਹਿੱਸਾ ਲਿਆ ਸੀ, ਪਰ ਭਗਵੰਤ ਮਾਨ ਤੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸੱਤਾ ਧਿਰ ਲਈ ਇਹ ਗਰਾਊਂਡ ਟੈਸਟ ਹੈ। 2027 ਦਾ ਇਸ ਨੂੰ ਸੈਮੀਫਾਈਨਲ ਦਾ ਰੂਪ ਮੰਨ ਕੇ ਵੇਖਿਆ ਜਾ ਰਿਹਾ ਹੈ ਤੇ ਸਾਰੀਆਂ ਹੀ ਪਾਰਟੀਆਂ ਇਸ ਨੂੰ ਇਸੇ ਢੰਗ ਦੇ ਨਾਲ ਲੜ ਵੀ ਰਹੀਆਂ ਹਨ।