ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ-ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੂੰ ਕਾਂਗਰਸ ਵੱਲੋਂ ਬਾਹਰ ਤੋਂ ਸਮਰਥਨ ਦੇਣ ਦੀ ਚਰਚਾ ਵਿਚਾਲੇ ਕਾਂਗਰਸ ਨੇ ਇਸ ਮੁੱਦੇ ਉੱਤੇ ਆਖਰੀ ਫ਼ੈਸਲਾ ਲੈਣ ਲਈ ਸੋਮਵਾਰ ਨੂੰ ਦੂਜੀ ਬੈਠਕ ਬੁਲਾਈ ਹੈ।
ਸੂਬੇ ਵਿੱਚ ਕਾਂਗਰਸ ਦੇ ਜ਼ਿਆਦਾਤਰ ਵਿਧਾਇਕਾਂ ਦੇ ਸ਼ਿਵ ਸੈਨਾ ਅਤੇ ਐਨਸੀਪੀ ਨੂੰ ਸਮਰਥਨ ਦੇਣ ਦੀ ਚਰਚਾ ਹੈ। ਦੂਜੇ ਪਾਸੇ ਕਾਂਗਰਸ ਸੋਮਵਾਰ ਸ਼ਾਮ ਤੱਕ ਆਖਰੀ ਫੈਸਲਾ ਲਵੇਗੀ।
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਸਵੇਰੇ ਅਹਿਮਦ ਪਟੇਲ, ਅੰਬਿਕਾ ਸੋਨੀ, ਮੱਲਿਕਾਰਜੁਨ ਖੜਗੇ, ਜਯੋਤਿਰਾਦਿੱਤਿਆ ਸਿੰਧੀਆ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਬੈਠਕ ਕਰਕੇ ਮਹਾਰਾਸ਼ਟਰ ਵਿੱਚ ਸਰਕਾਰ ਬਣਨ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਬੈਠਕ ਤੋਂ ਬਾਅਦ ਮਹਾਰਾਸ਼ਟਰ ਦੇ ਇੰਚਾਰਜ ਖੜਗੇ ਨੇ ਕਿਹਾ ਕਿ ਉਨ੍ਹਾਂ ਮਹਾਰਾਸ਼ਟਰ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਦੁਪਹਿਰ 4 ਵਜੇ ਮੁੜ ਇੱਕ ਬੈਠਕ ਬੁਲਾਈ ਹੈ, ਜਿਸ ਵਿੱਚ ਮਹਾਰਾਸ਼ਟਰ ਕਾਂਗਰਸ ਦੇ ਆਗੂ ਵੀ ਸ਼ਾਮਲ ਹੋਣਗੇ।
ਭਾਜਪਾ ਦੇ ਸਰਕਾਰ ਬਣਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਰਾਜਪਾਲ ਨੇ ਦੂਜੀ ਵੱਡੀ ਪਾਰਟੀ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਸੂਬੇ ਦੀਆਂ 288 ਸੀਟਾਂ ਵਿਚੋਂ 56 ਸੀਟਾਂ ਜਿੱਤਣ ਵਾਲੀ ਸ਼ਿਵ ਸੈਨਾ ਨੇ ਆਪਣੀ ਸਹਿਯੋਗੀ ਭਾਜਪਾ ਤੋਂ ਅੱਧੇ-ਅੱਧੇ ਕਾਰਜਕਾਲ ਤੱਕ ਦੋਹਾਂ ਦਲਾਂ ਦਾ ਮੁੱਖ ਮੰਤਰੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ ਜਿਸ ਨੂੰ ਭਾਜਪਾ ਨੇ ਠੁਕਰਾ ਦਿੱਤਾ ਸੀ। ਇਨ੍ਹਾਂ ਚੋਣਾਂ ਵਿਚ ਐਨਸੀਪੀ ਨੇ 54 ਅਤੇ ਕਾਂਗਰਸ ਨੇ 44 ਸੀਟਾਂ ਜਿੱਤੀਆਂ ਸਨ, ਜਦ ਕਿ ਭਾਜਪਾ ਨੇ 105 ਸੀਟਾਂ ਜਿੱਤੀਆਂ ਸਨ।