ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇੱਕ ਵਾਰ ਮੁੜ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਵੀ ਡਾਇਲ 112 ਦੇ ਵਟਸਐਪ ਨੰਬਰ 'ਤੇ ਦਿੱਤੀ ਗਈ ਹੈ।
ਮੁੱਖ ਮੰਤਰੀ ਦੇ ਨਾਲ ਵਿਕਾਸ ਦੂਬੇ ਨੂੰ ਮਾਰਨ ਦੀ ਧਮਕੀ
ਮੰਗਲਵਾਰ ਨੂੰ ਜਿਵੇਂ ਹੀ ਇਹ ਧਮਕੀ ਭਰਿਆ ਮੈਸੇਜ ਮਿਲਿਆ ਤਾਂ ਪੁਲਿਸ ਮਹਿਕਮਾ ਅਲਰਟ ਹੋ ਗਿਆ। ਇਸ ਧਮਕੀ ਭਰੇ ਮੈਸੇਜ਼ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਕਾਨਪੁਰ ਵਿੱਚ 8 ਪੁਲਿਸ ਵਾਲਿਆਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਵੀ ਜਾਨ ਤੋਂ ਮਾਰਨ ਦੀ ਗੱਲ ਆਖੀ ਗਈ ਹੈ।
ਦਰਜ ਕੀਤੀ ਗਈ ਐਫ਼ਆਈਆਰ
ਐਸਪੀ ਸੰਜੀਵ ਸਿਨਹਾ ਦੇ ਮੁਤਾਬਕ, ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਐਫ਼ਆਈਆਰ ਦਰਜ ਕਰਵਾਈ ਗਈ ਹੈ। ਸ਼ੁਰੂਆਤੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਇਹ ਧਮਕੀ ਭਰਿਆ ਮੈਸੇਜ਼ ਕਾਨਪੁਰ ਦਿਹਾਤੀ ਇਲਾਕੇ ਤੋਂ ਭੇਜਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਯੂਪੀ ਪੁਲਿਸ ਨੇ ਧਮਕੀ ਦੇਣ ਵਾਲੇ 12ਵੀਂ ਦੇ ਵਿਦਿਆਰਥੀ ਨੂੰ ਕਾਬੂ ਕਰ ਲਿਆ ਹੈ। ਇਸ ਵਿਦਿਆਰਥੀ ਨੂੰ ਬਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਇਸ ਮੋਬਾਇਲ ਫੋਨ ਨੂੰ ਵੀ ਬਰਾਮਦ ਕਰ ਲਿਆ ਹੈ ਜਿਸ ਵਿੱਚੋਂ ਉਸ ਨੇ ਧਮਕੀ ਭਰਿਆ ਮੈਸੇਜ਼ ਲਿਖਿਆ ਸੀ
ਇਸ ਤੋਂ ਪਹਿਲਾਂ ਵੀ ਮਿਲੀ ਸੀ ਧਮਕੀ
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਵੀ ਯੋਗੀ ਆਦਿਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਸ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਸੀ।