ਸ਼ਾਹਜਹਾਂਪੁਰ: ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਚਿਨਮਯਾਨੰਦ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਕਾਨੂੰਨ ਦੀ ਵਿਦਿਆਰਥਣ ਤੋਂ ਸਬੰਧਿਤ ਵਸੂਲੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਭਾਜਪਾ ਆਗੂ ਡੀਪੀਐਸ ਰਾਠੌਰ ਦਾ ਇੱਕ ਲੈਪਟਾਪ ਅਤੇ ਪੈਮਡਰਾਈਵ ਜ਼ਬਤ ਕੀਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਘਟਨਾ ਨਾਲ ਸਬੰਧਿਤ ਵੀਡੀਓ ਕਲਿੱਪ ਇਸ ਪੈਨਡਰਾਈਵ ਵਿੱਚ ਹੈ। ਚਿਨਮਯਾਨੰਦ ਵੱਲੋਂ ਵਸੂਲੀ ਮਾਮਲੇ ਵਿੱਚ ਸ਼ੱਕੀ ਭੂਮਿਕਾ ਲਈ ਰਾਠੌਰ ਤੋਂ ਐਸਆਈਟੀ ਨੇ ਐਤਵਾਰ ਨੂੰ 12 ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ।
ਦੱਸ ਦਈਏ ਕਿ ਰਾਠੌਰ ਜ਼ਿਲ੍ਹਾ ਸਹਿਕਾਰੀ ਬੈਂਕ ਦਾ ਚੇਅਰਮੈਨ ਹੈ ਅਤੇ ਰਾਜਸਥਾਨ ਦੇ ਦੌਸਾ ਵਿੱਚ ਵੀ ਮੌਜੂਦ ਸੀ ਜਿੱਥੇ ਐਸਆਈਟੀ ਦੀ ਟੀਮ ਨੇ 30 ਅਗਸਤ ਨੂੰ ਮਹਿੰਦੀਪੁਰ ਬਾਲਾਜੀ ਮੰਦਰ ਨੇ ਨੜੇ 23 ਸਾਲਾ ਵਿਦਿਆਰਥਣ ਨੂੰ ਬਰਾਮਦ ਕੀਤਾ ਸੀ। ਇਹ ਵਿਦਿਆਰਥਣ 24 ਅਗਸਤ ਨੂੰ ਲਾਪਤਾ ਹੋ ਗਈ ਸੀ।
ਕਾਨੂੰਨ ਦੀ ਵਿਦਿਆਰਥਣ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਅਜੀਤ ਸਿੰਘ ਨੇ ਉਸ ਕੋਲੋਂ ਪੈਨਡਰਾਈਵ ਲੈ ਲਈ ਸੀ ਜਿਸ ਵਿੱਚ ਜਿਨਸੀ ਸ਼ੋਸ਼ਣ ਦੇ ਸਬੂਤ ਮੌਜੂਦ ਸਨ।
ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜੇ.ਪੀ. ਰਾਠੌਰ ਦੇ ਛੋਟੇ ਭਰਾ ਰਾਠੌਰ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਕਿਹਾ, "ਮੈਂ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਲੱਗਦਾ ਹੈ ਕਿ ਐਸਆਈਟੀ ਨੇ ਕੁਝ ਗ਼ਲਤ ਸਮਝਿਆ ਹੈ। ਮੈਂ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਬੇਨਤੀ ਉੱਤੇ ਲਾਪਤਾ ਹੋਈ ਵਿਦਿਆਰਥਣ ਸਹਾਇਤਾ ਲਈ ਦੌਸਾ ਗਿਆ ਸੀ।"
ਡੀ.ਪੀ.ਐਸ. ਰਾਠੌਰ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨਾਲ ਇੱਕ ਹੋਰ ਭਾਜਪਾ ਆਗੂ ਅਜੀਤ ਸਿੰਘ ਵੀ ਸਨ। ਅਜੀਤ ਸਿੰਘ ਵਸੂਲੀ ਮਾਮਲੇ ਵਿੱਚ ਮੁਲਜ਼ਮ ਵਿਕਰਮ ਦਾ ਸਾਲ਼ਾ ਹੈ।
ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਐਸਆਈਟੀ ਦੀ ਟੀਮ ਨੇ ਦਾਦਰੌਲ ਵਿਧਾਨ ਸਭਾ ਤੋਂ ਸਾਬਕਾ ਵਿਧਾਇਕ ਡੀ.ਪੀ. ਸਿੰਘ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ। ਐਸਆਈਟੀ ਦੇ ਕੁੱਝ ਅਧਿਕਾਰੀਆਂ ਨੇ ਵੀ ਕੁਝ ਤੱਥਾਂ ਦੀ ਪੁਸ਼ਟੀ ਲਈ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਮੁਲਜ਼ਮ ਤੋਂ ਪੁੱਛਗਿਛ ਕੀਤੀ।