ਨਵੀਂ ਦਿੱਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕਰਤਾਰਪੁਰ ਲਾਂਘੇ ਖੁਲ੍ਹਣ ਦੇ ਇਤਿਹਾਸਿਕ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ। ਦੋ ਵੱਖ-ਵੱਖ ਮੁਲਾਕਾਤਾਂ ਵਿੱਚ ਮੁੱਖ ਮੰਤਰੀ ਨੇ ਦੋਹਾਂ ਸ਼ਖ਼ਸੀਅਤਾਂ ਨੂੰ ਸੱਦਾ ਦਿੰਦਿਆਂ ਹੋਇਆਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਇਤਿਹਾਸਿਕ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੇ ਸੱਦੇ ਪੱਤਰ ਨੂੰ ਸਵੀਕਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਦੌਰੇ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਪਾਕਿਸਤਾਨ ਵਾਲੇ ਹਿੱਸੇ ਦੇ ਕਰਤਾਰਪੁਰ ਲਾਂਘੇ ਦੇ ਖੁਲ੍ਹਣ ਦੇ ਉਦਘਾਟਨ ਸਮਾਗਮ ਨੂੰ ਤੈਅ ਕਰਨ ਦੇ ਬਾਅਦ ਦਿੱਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਕਾਨਫ਼ਰੰਸ ਦਾ ਵਿਸਥਾਰਤ ਅਧਿਕਾਰਤ ਪ੍ਰੋਗਰਾਮ ਸਾਂਝਾ ਕੀਤਾ ਤੇ ਅਪੀਲ ਕੀਤੀ ਕਿ ਉਹ ਆਪਣੀਆਂ ਰੁਝੇਵਿਆਂ ਅਨੁਸਾਰ ਮੀਟਿੰਗਾਂ ਵਿਚ ਸ਼ਾਮਲ ਹੋਣ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੋਹਾਂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ, ਖ਼ਾਸਕਰ ਡੇਰਾ ਬਾਬਾ ਨਾਨਕ ਤੇ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ।
ਮਨਮੋਹਨ ਸਿੰਘ ਕਰਤਾਰਪੁਰ ਜਾ ਰਹੇ ਜੱਥੇ 'ਚ ਹੋਣਗੇ ਸ਼ਾਮਲ
ਮੁੱਖ ਮੰਤਰੀ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ੍ਰੀ ਗੁਰੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਹਿਲੇ ਜੱਥੇ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ, ਕੈਪਟਨ ਨੇ ਇਹ ਬੇਨਤੀ ਕੀਤੀ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ, ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ, ਸ੍ਰੀ ਨਨਕਾਣਾ ਸਾਹਿਬ (ਹੁਣ ਪਾਕਿਸਤਾਨ) ਵਿਖੇ ਜਾਣ ਵਾਲੇ ਵਿਸ਼ੇਸ਼ ਸਰਵਦਲੀਅ ਜੱਥੇ ਨੂੰ ਰਾਜਸੀ ਮੰਜੂਰੀ ਦਿਵਾਉਣ ਦੇ ਲਈ ਨਿਜੀ ਤੌਰ 'ਤੇ ਦਖ਼ਲ ਦੇਣ।
ਉਨ੍ਹਾਂ ਬੇਨਤੀ ਕੀਤੀ ਕਿ 30 ਅਕਤੂਬਰ ਤੋਂ 3 ਨਵੰਬਰ ਤੱਕ 21 ਵਿਅਕਤੀਆਂ ਦੇ ਇਕ ਜੱਥੇ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਤੇ ਸ੍ਰੀ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੱਕ ਬਰਾਸਤਾ ਅੰਮ੍ਰਿਤਸਰ (ਵਾਹਗਾ) ਨਗਰ ਕੀਰਤਨ ਲਿਜਾਉਣ ਦੀ ਮੰਜੂਰੀ ਦਿੱਤੀ ਜਾਵੇ। ਨਗਰ ਕੀਰਤਨ 4 ਨਵੰਬਰ ਨੂੰ ਸੁਲਤਾਨਪੁਰ ਲੋਧੀ ਪਹੁੰਚੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਡਾ.ਜੈਸ਼ੰਕਰ ਨੂੰ ਅਰਧ-ਸਰਕਾਰੀ ਪੱਤਰ ਲਿਖਦਿਆਂ ਸ੍ਰੀ ਨਨਕਾਣਾ ਸਾਹਿਬ ਜਾ ਰਹੇ ਜੱਥੇ ਦੀ ਰਸਮੀ ਪ੍ਰਵਾਨਗੀ ਦੀ ਮੰਗ ਵੀ ਕੀਤੀ ਤੇ ਨਗਰ ਕੀਰਤਨ ਨੂੰ ਪਾਕਿਸਤਾਨ ਤੋਂ ਪੰਜਾਬ ਲਿਆਉਣ ਦੀ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਹੈ। ਪਾਕਿਸਤਾਨ ਜਾਣ ਦੇ ਸਵਾਲ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਾਕਿਸਤਾਨ ਜਾਣ ਲਈ ਤਿਆਰ ਨਹੀਂ ਹਨ। ਜਿੱਥੋਂ ਤਕ ਮਨਮੋਹਨ ਸਿੰਘ ਦਾ ਸਵਾਲ ਹੈ, ਉਹ ਵੀ ਨਹੀਂ ਜਾਣਗੇ।