ਚੰਡੀਗੜ੍ਹ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ਮੌਕੇ ਸਾਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। 3 ਵਾਰ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਵਾਜਪੇਈ ਨੂੰ ਜਿੱਥੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਜਪੇਈ ਦੇ ਸਮਾਰਕ ਸਥਲ 'ਸਦੈਵ ਅਟਲ' 'ਤੇ ਸ਼ਰਧਾਂਜਲੀ ਦਿੱਤੀ ਗਈ ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਾਜਪੇਈ ਨਾਲ ਆਪਣੀ ਯਾਦ ਸਾਂਝੀ ਕੀਤੀ।
ਕੈਪਟਨ ਨੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ, “ਇੱਕ ਇਨਸਾਨ ਹਮੇਸ਼ਾ ਆਪਣੇ ਚੰਗੇ ਕੰਮਾਂ ਤੇ ਉੱਚੀ ਸੋਚ ਕਰਕੇ ਜਾਣਿਆ ਜਾਂਦਾ ਤੇ ਅਟਲ ਬਿਹਾਰੀ ਵਾਜਪੇਈ ਜੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਸਨ। ਮੈਨੂੰ ਅੱਜ ਵੀ ਉਨ੍ਹਾਂ ਨਾਲ ਆਪਣੀ ਪਹਿਲੀ ਮੁਲਾਕਾਤ ਯਾਦ ਹੈ ਜਦੋਂ 1970 ਵਿੱਚ ਉਹ 3 ਦਿਨ ਪਟਿਆਲੇ ਰਹੇ ਸਨ ਤੇ ਉਦੋਂ ਮੈਂ ਡਕਾਲਾ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਲੜ ਰਿਹਾ ਸੀ ਤੇ ਉਨ੍ਹਾਂ ਨੇ ਮੇਰੇ ਲਈ ਪ੍ਰਚਾਰ ਕੀਤਾ ਸੀ। ਅੱਜ ਉਨ੍ਹਾਂ ਦੀ ਬਰਸੀ ਮੌਕੇ ਅਸੀਂ ਉਨ੍ਹਾਂ ਦੀ ਉੱਚੀ ਸੋਚ ਤੇ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਅੱਗੇ ਸਿਰ ਝੁਕਾਉਂਦੇ ਹਾਂ ਤੇ ਅਟਲ ਜੀ ਹਮੇਸ਼ਾ ਸਾਡੀਆਂ ਯਾਦਾਂ ਸਾਡੇ ਦਿਲਾਂ ਵਿੱਚ ਰਹਿਣਗੇ।"
ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਬੀਤੇ ਸਾਲ ਜੂਨ ਮਹੀਨੇ ਤੋਂ ਏਮਜ਼ ਵਿੱਚ ਭਰਤੀ ਸਨ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ।