ਨਵੀਂ ਦਿੱਲੀ: ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਮਰਥਨ 'ਚ ਚੋਣ ਪ੍ਰਚਾਰ ਕਰਨ ਲਈ ਅਮੇਠੀ ਪੁੱਜੇ। ਇਸ ਮੌਕੇ ਉਨ੍ਹਾਂ ਨੂੰ ਬੀਜੇਪੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੀਜੇਪੀ ਵਰਕਰਾਂ ਨੇ ਸਿੱਧੂ ਦੀ ਕਾਰ 'ਤੇ ਟਮਾਟਰ ਸੁੱਟੇ ਅਤੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ।
ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਅਮੇਠੀ 'ਚ ਜਨਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਿਸ਼ਾਨੇ 'ਤੇ ਰਹੇ। ਉਨ੍ਹਾਂ ਕਿਹਾ, "ਮੈਂ ਇਸ ਤੋਂ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਦੇਖਿਆ। ਮੋਦੀ ਦੋ ਚੀਜ਼ਾਂ, ਭਗੌੜਾ ਸਕੀਮ ਅਤੇ ਪਕੌੜਾ ਸਕੀਮ ਲਈ ਜਾਣੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਬੰਦਾ ਅਜਿਹੀ ਲਿਫਾਫੇਬਾਜ਼ੀ ਕਰਦਾ ਹੈ ਕਿ ਜੇ ਝੂਠ ਵੀ ਮੋਦੀ ਨੂੰ ਵੇਖ ਲਵੇ ਤਾਂ ਉਹ ਵੀ ਕੋਲੋਂ ਨਿੱਕਲ ਜਾਵੇਗਾ।"
ਨਵਜੋਤ ਸਿੰਘ ਸਿੱਧੂ ਜਦੋਂ ਜਨਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਮੁਸਾਫ਼ਰਖਾਨਾ ਜਾ ਰਹੇ ਸਨ ਤਾਂ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਦੇ ਵਰਕਰਾਂ ਨੇ ਜਗਦੀਸ਼ਪੁਰ-ਮੁਸਾਫ਼ਰਖਾਨਾ ਰੋਡ 'ਤੇ ਉਨ੍ਹਾਂ ਦਾ ਵਿਰੋਧ ਕੀਤਾ। ਉਨ੍ਹਾਂ ਵਾਪਸ ਜਾਓ ਅਤੇ ਮੁਰਦਾਬਾਦ ਦੇ ਨਾਅਰੇ ਲਗਾਏ ਤੇ ਗੱਡੀ 'ਤੇ ਟਮਾਟਰ ਵੀ ਸੁੱਟੇ।