ਲਖਨਊ: ਭਾਜਪਾ ਨੇ ਆਪਣੇ ਨੇਤਾ ਸੰਜੀਵ ਗੁਪਤਾ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ। ਕਿਉਂਕਿ ਉਨ੍ਹਾਂ ਦਾ ਪੁੱਤਰ ਸਚਿਨ ਗੁਪਤਾ 35 ਕਰੋੜ ਰੁਪਏ ਦੀ ਐਨਸੀਈਆਰਟੀ ਕਿਤਾਬਾਂ ਦੀ ਡੁਪਲਿਕੇਟ ਪ੍ਰਿੰਟਿੰਗ ਕਰਵਾਉਣ ਦੇ ਮਾਮਲੇ 'ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਚਿਨ ਅਜੇ ਤੱਕ ਫਰਾਰ ਹੈ।
ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਿਸ ਨੇ ਹੁਣ ਤੱਕ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸਚਿਨ ਗੁਪਤਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।
ਸਪੈਸ਼ਲ ਟਾਸਕ ਫੋਰਸ ਦੇ ਸਬ-ਇੰਸਪੈਕਟਰ ਸੰਜੇ ਸੋਲੰਕੀ ਨੇ ਵੀ ਸਚਿਨ ਗੁਪਤਾ ਅਤੇ ਪੰਜ ਹੋਰਨਾਂ ਖਿਲਾਫ ਪ੍ਰਤਾਪੁਰ ਥਾਣੇ 'ਚ ਕੇਸ ਦਰਜ ਕੀਤਾ ਹੈ। ਇਸ ਘੁਟਾਲੇ ਦਾ ਪਰਦਾਫਾਸ਼ ਮੇਰਠ ਜ਼ਿਲ੍ਹੇ ਵਿੱਚ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਕੀਤਾ, ਐਸਟੀਐਫ ਦੇ ਡੀਐਸਪੀ ਬ੍ਰਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਸਚਿਨ ਗੁਪਤਾ ਪਰਤਾਪੁਰ 'ਚ ਅਛੋੜਾ ਵਿਖੇ ਇੱਕ ਗੁਦਾਮ ਤੇ ਮੁਹੰਮਦਪੁਰ 'ਚ ਇੱਕ ਪ੍ਰਿੰਟਿੰਗ ਪ੍ਰੈਸ ਦਾ ਮਾਲਕ ਹੈ।
ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸਚਿਨ ਗੁਪਤਾ ਫਰਾਰ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਛਾਪੇ ਤੋਂ ਤੁਰੰਤ ਬਾਅਦ, ਪੁਲਿਸ ਅਧਿਕਾਰੀਆਂ ਨੇ ਸਚਿਨ ਨਾਲ ਫ਼ੋਨ 'ਤੇ ਗੱਲ ਕੀਤੀ ਤੇ ਉਸ ਨੇ ਕਿਹਾ ਕਿ ਉਹ ਕਿਤਾਬਾਂ ਦੇ ਕਾਗਜ਼ਾਤ ਲੈ ਕੇ ਆ ਰਿਹਾ ਹੈ, ਪਰ ਬਾਅਦ 'ਚ ਉਹ ਫਰਾਰ ਹੋ ਗਿਆ ਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਹੈ। ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਕਲੀ ਕਿਤਾਬਾਂ ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ ਅਤੇ ਦਿੱਲੀ ਸੱਤ ਸੂਬਿਆਂ 'ਚ ਛਾਪੀਆਂ ਗਈਆਂ ਜਾਂ ਸਪਲਾਈ ਕੀਤੀਆਂ ਗਈਆਂ ਹਨ।
ਇੱਥੇ ਲਗਭਗ 364 ਕਿਸਮਾਂ ਦੀਆਂ ਨਕਲੀ ਐਨਸੀਈਆਰਟੀ ਦੀਆਂ ਕਿਤਾਬਾਂ ਬਰਾਮਦ ਹੋਈਆਂ। ਇਸ 'ਚ 9 ਵੀਂ ਤੋਂ 12 ਵੀਂ ਕਲਾਸ ਦੀਆਂ ਭੌਤਿਕ ਵਿਗਿਆਨ, ਕੈਮਿਸਟਰੀ ਅਤੇ ਗਣਿਤ ਦੀਆਂ ਕਿਤਾਬਾਂ ਸਨ। ਇਸ ਤੋਂ ਪਹਿਲਾਂ ਵੀ ਸਚਿਨ ਗੁਪਤਾ ਉੱਤਰ ਪ੍ਰਦੇਸ਼ ਬੋਰਡ ਦੀਆਂ ਨਕਲੀ ਕਿਤਾਬਾਂ ਦੀ ਛਪਾਈ ਵਿੱਚ ਸ਼ਾਮਲ ਰਿਹਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਪਿਛਲੇ ਮਾਮਲੇ 'ਚ ਉਸ 'ਤੇ ਕੋਈ ਕਾਰਵਾਈ ਕੀਤੀ ਗਈ ਸੀ ਜਾਂ ਨਹੀਂ।
ਐਨਸੀਈਆਰਟੀ ਦੀਆਂ ਅਸਲ ਕਿਤਾਬਾਂ ਸਿਰਫ ਦਿੱਲੀ ਵਿੱਚ ਛਾਪੀਆਂ ਜਾਂਦੀਆਂ ਹਨ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ 15 ਫੀਸਦੀ ਦੇ ਕਮਿਸ਼ਨ 'ਤੇ ਉਪਲਬਧ ਹਨ। ਅਸਲ ਕਿਤਾਬਾਂ ਦੀ ਖਰੀਦ ਲਈ, ਰਿਟੇਲਰਾਂ ਨੂੰ ਪੂਰੀ ਰਕਮ ਪਹਿਲਾਂ ਅਦਾ ਕਰਨੀ ਪੈਂਦੀ ਹੈ। ਦੂਜੇ ਪਾਸੇ, ਜਾਅਲੀ ਕਿਤਾਬਾਂ 30 ਫੀਸਦੀ ਕਮਿਸ਼ਨ 'ਤੇ ਉਪਲਬਧ ਹਨ ਤੇ ਉਨ੍ਹਾਂ ਨੂੰ ਖਰੀਦਣ ਲਈ ਕੋਈ ਅਡਵਾਂਸ ਭੁਗਤਾਨ ਦੀ ਲੋੜ ਨਹੀਂ ਹੁੰਦੀ ਹੈ। ਇਸ ਦੌਰਾਨ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵਿੱਟਰ 'ਤੇ ਭਾਜਪਾ ਨੂੰ ਕਿਹਾ ਹੈ ਕਿ ਉਹ ਆਪਣੇ ਨੇਤਾਵਾਂ ਨੂੰ ਨੈਤਿਕ ਸਿੱਖਿਆ ਦਾ ਸਬਕ ਸਿਖਾਉਣ।