ਚੰਡੀਗੜ੍ਹ: ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਆਖ਼ਰੀ ਦਿਨ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਕਿਲੋਈ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ।
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਆਪਣੀ ਜਿੱਤ ਲਈ ‘ਹਵਨ’ ਕਰਵਾਇਆ। ਭੁਪਿੰਦਰ ਸਿੰਘ ਹੁੱਡਾ ਸਾਂਪਲਾ ਕਿਲੋਈ ਹਲਕੇ ਤੋਂ ਵਿਧਾਇਕ ਵੀ ਹਨ। ਸਾਂਪਲਾ ਕਿਲੋਈ ਤੋਂ ਭੁਪਿੰਦਰ ਸਿੰਘ ਹੁੱਡਾ ਦਾ ਮੁਕਾਬਲਾ ਬੀਜੇਪੀ ਦੇ ਉਮੀਦਵਾਰ ਸਤੀਸ਼ ਨਾਂਦਲ ਨਾਲ ਹੋਵੇਗਾ। 2014 ਦੀ ਚੋਣ ਵਿੱਚ ਇਨੈਲੋ ਦੀ ਟਿਕਟ ਤੋਂ ਚੋਣ ਲੜ ਚੁੱਕੇ ਸਤੀਸ਼ ਨਾਂਦਲ ਨੇ ਇਸ ਸੀਟ ਤੋਂ ਭੁਪਿੰਦਰ ਸਿੰਘ ਹੁੱਡਾ ਨੂੰ ਟੱਕਰ ਦਿੱਤੀ ਸੀ।
ਭੁਪਿੰਦਰ ਸਿੰਘ ਹੁੱਡਾ ਨੇ ਸਾਲ 1972 ਵਿੱਚ ਰਾਜਨੀਤੀ 'ਚ ਕਦਮ ਰੱਖਿਆ ਸੀ। ਰਾਜਨੀਤਕ ਕਰੀਅਰ ਦੀ ਸ਼ੁਰੂਆਤ ਵਿੱਚ ਹੁੱਡਾ ਬਲਾਕ ਕਾਂਗਰਸ ਸਮਿਤੀ ਦੇ ਪ੍ਰਧਾਨ ਰਹੇ ਸਨ। ਇਸ ਤੋਂ ਬਾਅਦ ਸਾਲ 1980 ਤੋਂ 1987 ਦੇ ਦਰਮਿਆਨ ਹੁੱਡਾ ਨੌਜਵਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਪੰਚਾਇਤ ਸਭਾ ਦੇ ਪ੍ਰਧਾਨ ਵੀ ਰਹੇ। ਸਾਲ 1991, 1996,1998 ਅਤੇ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਹੁੱਡਾ ਲਗਾਤਾਰ ਚੋਣ ਜਿੱਤੇ ਅਤੇ ਚਾਰ ਵਾਰ ਲੋਕ ਸਭਾ ਮੈਂਬਰ ਬਣੇ।
ਦੱਸ ਦਈਏ ਕਿ ਹਰਿਆਣਾ ਵਿੱਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 24 ਅਕਤੂਬਰ ਨੂੰ ਨਤੀਜੇ ਐਲਾਨ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਪੀਯੂਸ਼ ਗੋਇਲ ਨੇ 'ਸਰਬੱਤ ਦਾ ਭਲਾ ਐਕਸਪ੍ਰੈਸ' ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ