ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਗਈ ਏਅਰ ਸਟਰਾਇਕ ਨੂੰ ਲੈਕੇ ਨਵਾਂ ਖੁਲਾਸਾ ਹੋਇਆ ਹੈ। ਇੱਕ ਵਿਦੇਸ਼ੀ ਪੱਤਰਕਾਰ ਨੇ ਸਟਰਾਇਕ 'ਚ ਜੈਸ਼-ਏ-ਮੁਹੰਮਦ ਦੇ 130 ਤੋਂ 170 ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਪੱਤਰਕਾਰ ਫਰਾਂਸਿਸਕੋ ਮੈਰੀਨੋ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਸਥਾਨਕ ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀ ਟਿਕਾਣੇ 'ਚ ਹੁਣ ਵੀ 45 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਲਗਭਗ 20 ਲੋਕਾਂ ਦੀ ਮੌਤ ਇਲਾਜ ਦੌਰਾਨ ਹੋ ਗਈ। ਉਸ ਖੇਤਰ ਨੂੰ ਅਜੇ ਵੀ ਸੀਲ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਖਮੀਆਂ ਦਾ ਇਲਾਜ ਹਸਪਤਾਲ ਵਿੱਚ ਨਹੀਂ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋ ਵਿਅਕਤੀ ਠੀਕ ਹੁੰਦੇ ਜਾ ਰਹੇ ਹਨ, ਉਹ ਹੁਣ ਵੀ ਸੈਨਾ ਦੀ ਹਿਰਾਸਤ ਵਿੱਚ ਹਨ। ਮਾਰੇ ਗਏ ਵਿਅਕਤੀਆਂ ਵਿੱਚ 11 ਲੋਕ ਸਿਖਲਾਈ ਦੇਣ ਵਾਲੇ ਸੀ, ਜਿਨ੍ਹਾਂ ਚੋਂ ਬੰਬ ਬਣਾਉਣ ਤੋਂ ਲੈਕੇ ਹਥਿਆਰਾਂ ਦੀ ਸਿਖਲਾਈ ਦੇਣ ਵਾਲੇ ਸ਼ਾਮਿਲ ਸੀ। ਇਨ੍ਹਾਂ ਵਿੱਚੋਂ ਦੋ ਟ੍ਰੇਨਰ ਅਫ਼ਗਾਨਿਸਤਾਨ ਦੇ ਸੀ।
ਲੇਖ ਵਿੱਚ ਲਿਖਿਆ ਗਿਆ ਹੈ ਕਿ, 'ਜਿਸ ਤਰ੍ਹਾਂ ਸਭ ਜਾਂਦੇ ਹਨ ਕਿ ਭਾਰਤੀ ਹਵਾਈ ਫੌਜ ਵੱਲੋਂ ਏਅਰ ਸਟਰਾਇਕ ਲਗਭੱਗ 3.30 ਵਜੇ ਕੀਤੀ ਗਈ। ਮੇਰੇ ਵਿਚਾਰ ਦੇ ਮੁਤਾਬਕ, ਇੱਕ ਆਰਮੀ ਯੁਨਿਟ ਸ਼ਿਨਕਿਆਰੀ 'ਚ ਆਪਣੇ ਟਿਕਾਣੇ ਤੋਂ 26 ਫਰਵਰੀ ਨੂੰ ਲਗਭਗ 6 ਵਜੇ, ਢਾਈ ਘੰਟਿਆਂ ਬਾਅਦ ਸਟਰਾਇਕ ਵਾਲੀ ਥਾਂ 'ਤੇ ਪੁੱਜੀ। ਸ਼ਿਨਕਿਆਰੀ ਬਾਲਾਕੋਟ ਤੋਂ ਲਗਭਗ 20 ਕਿਲੋਮੀਟਰ ਦੂਰ ਹੈ ਅਤੇ ਸੈਨਾ ਦੀ ਯੁਨਿਟ ਨੂੰ ਉਸ ਥਾਂ ਪੁੱਜਣ ਲੱਗੇ 35-40 ਮਿੰਟ ਦਾ ਸਮਾਂ ਲੱਗ ਗਿਆ, ਜਿੱਥੋਂ ਚੜ੍ਹਾਈ ਸ਼ੁਰੂ ਹੁੰਦੀ ਹੈ।'