ਨਵੀਂ ਦਿੱਲੀ: ਭਾਜਪਾ ਦੇ ਦਿੱਗਜ ਆਗੂ ਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਐਤਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ। ਅਰੁਣ ਜੇਟਲੀ ਦੇ ਪੁੱਤਰ ਰੋਹਨ ਨੇ ਚਿਤਾ ਨੂੰ ਅਗਨੀ ਦਿੱਤੀ।
ਇਸ ਮੌਕੇ ਉਪ-ਰਾਸ਼ਟਰਪਤੀ ਐੱਮ.ਵੈਂਕਈਆ ਨਾਇਡੂ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਿਗਮ ਬੋਧ ਘਾਟ 'ਤੇ ਮੌਜੂਦ ਰਹੇ।
ਇਸ ਤੋਂ ਪਹਿਲਾਂ ਅਰੁਣ ਜੇਟਲੀ ਦੇ ਮ੍ਰਿਤਕ ਸ਼ਰੀਰ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰਾਸ਼ਟਰੀ ਰਾਜਧਾਨੀ ਵਿੱਚ ਉਨ੍ਹਾਂ ਦੀ ਰਿਹਾਇਸ਼ ਕੈਲਾਸ਼ ਕਾਲੋਨੀ ਤੋਂ ਫੁੱਲਾਂ ਨਾਲ ਸਜਾ ਕੇ ਫ਼ੌਜ ਦੇ ਵਾਹਨ ਨਾਲ ਭਾਜਪਾ ਦਫ਼ਤਰ ਲਿਆਂਦਾ ਗਿਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਾਬਕਾ ਖ਼ਜ਼ਾਨਾ ਮੰਤਰੀ ਅਰੁਣ ਜੇਟਲੀ ਬਿਮਾਰ ਚੱਲ ਰਹੇ ਸਨ ਤੇ ਉਹ ਦਿੱਲੀ ਦੇ ਏਮਜ਼ ਹਸਪਤਾਲ ਵਿੱਚ 9 ਅਗਸਤ ਤੋਂ ਭਰਤੀ ਸਨ ਜਿੱਥੇ ਸ਼ਨਿੱਚਰਵਾਰ ਨੂੰ ਉਨ੍ਹਾਂ ਨੇ ਆਖ਼ਰੀ ਸਾਂਹ ਲਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ 'ਤੇ ਹੋਣ ਕਰ ਕੇ ਅਰੁਣ ਜੇਟਲੀ ਦੇ ਅੰਤਿਮ ਦਰਸ਼ਨਾਂ ਲਈ ਨਹੀਂ ਪਹੁੰਚ ਸਕੇ। ਪੀਐੱਮ ਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ 'ਮੈਂ ਬਹਿਰੀਨ ਦੀ ਧਰਤੀ ਤੋਂ ਆਪਣੇ ਦੋਸਤ ਅਰੁਣ ਨੂੰ ਸ਼ਰਧਾਂਜਲੀ ਦਿੰਦਾ ਹਾਂ। ਭਗਵਾਨ ਇਸ ਦੁੱਖ ਦੇ ਸਮੇਂ 'ਚ ਉਨ੍ਹਾਂ ਦੇ ਪਰਿਵਾਰ ਨੂੰ ਸ਼ਾਂਤੀ ਦੇਵੇ।