ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਹਾਲਤ ਬੇਹੱਦ ਨਾਜ਼ੁਕ ਬਣ ਗਈ ਹੈ। ਏਮਸ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਈਸੀਐੱਮਓ 'ਤੇ ਸ਼ਿਫ਼ਟ ਕਰ ਦਿੱਤਾ ਹੈ। ਈਸੀਐੱਮਓ ਦੀ ਵਰਤੋਂ ਫ਼ੇਫੜਿਆਂ ਦੇ ਕੰਮ ਨਾ ਕਰਨ ਦੀ ਸਥਿਤੀ ਵਿੱਚ ਖੂਨ ਨੂੰ ਪੰਪ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਮਦਦ ਨਾਲ ਸਰੀਰ ਵਿੱਚ ਆਕਸੀਜਨ ਭੇਜੀ ਜਾਂਦੀ ਹੈ।
ਜੇਤਲੀ ਨੂੰ ਇਸ ਤੋਂ ਪਹਿਲਾ ਜੀਵਨ ਰੱਖਿਅਕ ਪ੍ਰਣਾਲੀ ਉੱਤੇ ਰੱਖਿਆ ਗਿਆ ਸੀ, ਹਾਲਾਂਕਿ ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਆਈ ਸੀ। ਉਦੋਂ ਜੇਤਲੀ ਦਾ ਹਾਲ ਜਾਣਨ ਲਈ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ, ਕੇਂਦਰੀ ਮੰਤਰੀ ਪੀਊਸ਼ ਗੋਇਲ ਸਮੇਤ ਕਈ ਵੱਡੇ-ਵੱਡੇ ਲੀਡਰ ਆਏ ਸੀ।
ਜੇਤਲੀ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਜਿਸ ਕਰਕੇ 9 ਅਗਸਤ ਨੂੰ ਉਨ੍ਹਾਂ ਨੂੰ ਏਮਸ ਵਿੱਚ ਭਰਤੀ ਕਰਵਾਇਆ ਗਿਆ ਸੀ। ਸਿਹਤ ਨਾਸਾਜ਼ ਹੋਣ ਕਰਕੇ ਜੇਤਲੀ ਨੇ 2019 ਦੀਆਂ ਚੋਣਾਂ ਨਹੀਂ ਲੜੀਆਂ ਸਨ। ਪਿਛਲੇ ਸਾਲ ਜਦੋਂ ਜੇਤਲੀ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਸੀ ਉਦੋਂ ਉਨ੍ਹਾਂ ਦੀ ਜਗ੍ਹਾ ਪਿਊਸ਼ ਗੋਇਲ ਨੇ ਅੰਤਰਿਮ ਬਜਟ ਪੇਸ਼ ਕੀਤਾ ਸੀ।