ਨਵੀਂ ਦਿੱਲੀ: ਦਿੱਲੀ ਦੀ ਬਰੂਹਾਂ 'ਤੇ ਖੇਤੀ ਕਾਨੂੰਨਾਂ ਦਾ ਵਿਰੋਧ ਬੀਤੇ 60 ਦਿਨਾਂ ਤੋਂ ਚੱਲ ਰਿਹਾ ਹੈ ਤੇ ਅੱਜ ਰਵਨੀਤ ਬਿੱਟੂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਜਨ ਸੰਸਦ 'ਚ ਹਿੱਸਾ ਲੈਣ ਪੁੱਜੇ ਸਨ ਬਿੱਟੂ
ਮਿਲੀ ਜਾਣਕਾਰੀ ਦੇ ਮੁਤਾਬਕ, ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਜਨ ਸੰਸਦ 'ਚ ਹਿੱਸਾ ਲੈਣ ਲਈ ਸਿੰਘੂ ਬਾਰਡਰ 'ਤੇ ਪੁੱਜੇ ਸਨ ਤੇ ਉੱਥੇ ਉਨ੍ਹਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ 'ਚ ਰੋਸ ਭਾਵਨਾ ਇੰਨੀ ਜ਼ਿਆਦਾ ਸੀ ਕਿ ਉਨ੍ਹਾਂ ਨੇ ਬਿੱਟੂ ਦੀ ਗੱਡੀ 'ਤੇ ਹਮਲਾ ਕੀਤਾ ਤੇ ਗੱਡੀ ਦੇ ਸ਼ੀਸ਼ੇ ਤੱਕ ਤੋੜ ਦਿੱਤੇ। ਜ਼ਿਕਰਯੋਗ ਹੈ ਕਿ ਬਿੱਟੂ ਦੇ ਨਾਲ ਉੱਥੇ ਗੁਰਮੀਤ ਸਿੰਘ ਔਜਲਾ, ਕੁਲਬੀਰ ਸਿੰਘ ਜ਼ੀਰਾ ਤੇ ਹੋਰ ਕਾਂਗਰਸੀ ਐਮਪੀ ਵੀ ਪੁੱਜੇ।
ਧੱਕਾਮੁੱਕੀ 'ਚ ਲੱਥੀ ਦਸਤਾਰ
ਜ਼ਿਕਰਯੋਗ ਹੈ ਕਿ ਜਦੋਂ ਬਿੱਟੂ ਉੱਥੇ ਪੁੱਜੇ ਤਾਂ ਕਿਸਾਨਾਂ ਨੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਧੱਕਾਮੁੱਕੀ ਦੌਰਾਨ ਉਨ੍ਹਾਂ ਦੀ ਦਸਤਾਰ ਲੱਥ ਗਈ। ਬੇਹਦ ਮੁਸ਼ਕਲਾਂ ਤੋਂ ਬਾਅਦ ਉਹ ਇਸ ਭੀੜ ਵਿੱਚੋਂ ਬਾਹਰ ਨਿਕਲੇ।
ਜੰਤਰ-ਮੰਤਰ 'ਤੇ ਦੇ ਰਹੇ ਸੀ ਧਰਨਾ
ਦੱਸਣਯੋਗ ਹੈ ਕਿ ਜੰਤਰ-ਮੰਤਰ 'ਤੇ ਕਾਂਗਰਸ ਦੇ ਆਗੂਆਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਹੋਰ ਕਿਸੇ ਵੀ ਪਾਰਟੀ ਦਾ ਆਗੂ ਕਿਸਾਨ ਅੰਦੋਲਨ 'ਚ ਨਹੀਂ ਪੁੱਜਿਆ। ਸਿਰਫ਼ ਬਿੱਟੂ ਹੀ ਕਿਸਾਨਾਂ ਦੇ ਅੰਦੋਲਨ 'ਚ ਪੁੱਜੇ ਪਰ ਉਨ੍ਹਾਂ ਨੂੰ ਇਥੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਕਿਸਾਨ ਜੱਥੇਬੰਦੀਆਂ ਨੇ ਸਿਆਸੀ ਪਾਰਟੀਆਂ ਨੂੰ ਨਹੀਂ ਦਿੱਤੀ ਇਜਾਜ਼ਤ
ਕਿਸਾਨ ਜੱਥੇਬੰਦੀਆਂ ਨੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਉਨ੍ਹਾਂ ਦੇ ਅੰਦੋਲਨ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਲੋਕ ਉਨ੍ਹਾਂ ਦੇ ਹੱਕਾਂ ਦੇ ਭਖੇ ਮੁੱਦੇ 'ਤੇ ਆਪਣੀ ਸਿਆਸੀ ਰੋਟੀਆਂ ਸੇਕਦੇ ਹਨ।