ਸ਼੍ਰੀਨਗਰ: ਕਸ਼ਮੀਰ ਵਿੱਚ ਧਾਰਾ 370 ਦੇ ਕੁੱਝ ਹਿੱਸਿਆਂ ਨੂੰ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੋਖ਼ਲਾ ਗਿਆ ਹੈ। ਪਾਕਿਸਤਾਨੀ ਫੌਜ ਵੱਲੋਂ ਐਲਓਸੀ 'ਤੇ ਨੌਸ਼ੇਹਰਾ ਸੈਕਟਰ ਵੱਲ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ। ਜਿਸ 'ਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਹੈ।
ਪਾਕਿਸਤਾਨ ਫ਼ੋਜ ਨੇ ਨੌਸ਼ਹਿਰਾ ਸੈਕਟਰ 'ਤੇ ਐਲਓਸੀ ਨੇੜੇ ਭਾਰੀ ਗੋਲੀਬਾਰੀ ਕਰਦੇ ਹੋਏ ਮੋਟਰਾਰ ਦਾਗੇ। ਭਾਰਤੀ ਜਵਾਨਾਂ ਨੇ ਵੀ ਪਾਕ ਦੀ ਇਸ ਨਾਪਾਕ ਹਰਕਤ ਦਾ ਮੁੰਹਤੋੜ ਜਵਾਬ ਦਿੱਤਾ। ਇਸ ਗੋਲੀਬਾਰੀ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਸੰਦੀਪ ਥਾਪਾ ਦੇਹਰਾਦੂਨ ਦੇ ਰਹਿਣ ਵਾਲੇ ਸਨ। ਜੋ ਕਿ ਪਾਕਿਸਤਾਨੀ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਏ ਸਨ।
ਦੱਸਣਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਜੰਮੂ ਕਸ਼ਮੀਰ 'ਤੇ ਲਏ ਗਏ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਬੋਖਲਾਇਆਂ ਪਿਆ ਹੈ। ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਰਮੀ ਚੀਫ਼ ਅਤੇ ਕਈ ਮੰਤਰੀ ਜੰਗ ਦੀ ਗੱਲ ਕਰ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੇ ਭਾਰਤ ਦੇ ਨਾਲ ਜੰਗ ਹੁੰਦੀ ਹੈ ਤਾਂ ਅਸੀ ਇਸ ਦੇ ਲਈ ਪੂਰੀ ਤਰ੍ਹਾਂ ਤੈਆਰ ਹਨ।
ਉੱਥੇ ਹੀ ਕਸ਼ਮੀਰ ਮਾਮਲੇ ’ਤੇ ਸੰਯੁਕਤ ਰਾਸ਼ਟਰ ਕੌਂਸਲ 'ਚ ਚੀਨ ਅਤੇ ਪਾਕਿਸਤਾਨ ਨੂੰ ਮਿਲੀ ਹਾਰ ਦੇ ਬਾਅਦ ਭਾਰਤ ਨੇ ਸਿੱਧੇ ਸ਼ਬਦਾਂ ਚ ਕਿਹਾ ਕਿ ਧਾਰਾ 370 ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਕਿਸੇ ਨੂੰ ਵੀ ਇਸ 'ਚ ਦਖਲ ਦੇਣ ਦੀ ਲੋੜ ਨਹੀਂ ਹੈ। ਸੰਯੁਕਤ ਰਾਸ਼ਟਰ ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਇਦ ਅਕਬਰੂਦੀਨ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਲਈ ਭਾਰਤ ਤਿਆਰ ਹੈ ਬਸ਼ਰਤੇ ਗੁਆਂਢੀ ਮੁਲਕ ਅੱਤਵਾਦ ਖਤਮ ਕਰੇ।