ਨਵੀਂ ਦਿੱਲੀ : ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਧਾਰਾ 370 ਦਾ ਖ਼ਾਤਮਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਹੁੰਦਿਆਂ ਮੇਰੇ ਮਨ ਵਿੱਚ ਇਸ ਬਾਰੇ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀ ਕਿ ਇਹ ਧਾਰਾ ਹਟਾਉਣ ਦੇ ਨਤੀਜੇ ਕੀ ਨਿੱਕਲਣਗੇ।
ਏਐੱਨਆਈ ਦੀ ਰਿਪੋਰਟ ਮੁਤਾਬਕ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਹੁਣ ਕਸ਼ਮੀਰ ’ਚੋਂ ਦਹਿਸ਼ਤਗਰਦੀ ਦਾ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਵੇਗਾ ਤੇ ਉਹ ਹੁਣ ਵਿਕਾਸ ਦੇ ਰਾਹ ਉੱਤੇ ਅੱਗੇ ਵਧੇਗਾ।
ਅਮਿਤ ਸ਼ਾਹ ਸਨਿੱਚਰਵਾਰ ਨੂੰ ਚੇਨਈ ਦੌਰੇ 'ਤੇ ਗਏ ਸਨ। ਉਨ੍ਹਾਂ ਦੇ ਇਸ ਦੌਰੇ ਦੌਰਾਨ ਸਮੁੱਚੇ ਚੇਨਈ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਗ੍ਰਹਿ ਮੰਤਰੀ ਬਣਨ ਪਿੱਛੋਂ ਸ਼ਾਹ ਪਹਿਲੀ ਵਾਰ ਚੇਨਈ ਗਏ ਹਨ।
ਇਹ ਵੀ ਪੜ੍ਹੋ : ਅਜੇ ਵੀ ਕਾਂਗਰਸ ਨੂੰ ਨਹੀਂ ਮਿਲਿਆ ਸਥਾਈ ਪ੍ਰਧਾਨ
ਸ਼ਾਹ ਨਵੀਂ ਦਿੱਲੀ ਤੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਚੇਨਈ ਦੇ ਹਵਾਈ ਅੱਡੇ ’ਤੇ ਪੁੱਜੇ। ਉਨ੍ਹਾਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਸ਼ਹਿਰ ਵਿੱਚ 3,000 ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ।
ਅੱਜ ਸ੍ਰੀ ਸ਼ਾਹ ਨੇ ਇੱਕ ਪੁਸਤਕ ‘ਲਿਸਨਿੰਗ, ਲਰਨਿੰਗ ਐਂਡ ਲੀਡਿੰਗ’ ਦਾ ਉਦਘਾਟਨ ਕੀਤਾ, ਜਿਸ ਵਿੱਚ ਐੱਮ. ਵੈਂਕਈਆ ਨਾਇਡੂ ਦੇ ਉੱਪ–ਰਾਸ਼ਟਰਪਤੀ ਵਜੋ ਪਹਿਲੇ ਦੋ ਸਾਲਾਂ ਦੌਰਾਨ ਕੀਤੇ ਕੰਮਾਂ ਦੇ ਵੇਰਵੇ ਦਰਜ ਹਨ।