ਬਰੇਲੀ: ਤਕਰੀਬਨ 50 ਸਾਲ ਪਹਿਲਾਂ 20 ਜੁਲਾਈ 1969 ਨੂੰ ਪਹਿਲੀ ਵਾਰ ਮਨੁੱਖ ਨੇ ਚੰਦਰਮਾ ਉੱਤੇ ਕਦਮ ਰੱਖਿਆ ਸੀ। ਪਹਿਲੀ ਵਾਰ ਚੰਦਰਮਾ ਉੱਤੇ ਕਦਮ ਰੱਖਣ ਵਾਲੇ ਸ਼ਖਸ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਸਨ। 16 ਜੁਲਾਈ 1969 'ਚ ਅਪੋਲੋ-11 ਦੀ ਲਾਂਚਿੰਗ ਹੋਈ ਸੀ ਤੇ ਨੀਲ ਆਰਮਸਟ੍ਰਾਂਗ ਇਸੇ ਮਿਸ਼ਨ ਤਹਿਤ ਚੰਨ੍ਹ 'ਤੇ ਗਏ ਸਨ। ਨੀਲ ਆਰਮਸਟ੍ਰਾਂਗ ਦੀ ਖਾਸ ਨਿਸ਼ਾਨੀ ਯੂਪੀ ਦੇ ਬਰੇਲੀ ਵਿੱਚ ਦੇਖਣ ਨੂੰ ਮਿਲੀ ਹੈ। ਬਰੇਲੀ ਦੇ ਏਮੈਨੂਅਲ ਪੈਟਰਸ ਦੇ ਕੋਲ ਨੀਲ ਆਰਮਸਟ੍ਰਾਂਗ ਦਾ ਆਟੋਗ੍ਰਾਫ਼ ਹੈ, ਜਿਹੜਾ ਉਨ੍ਹਾਂ ਸਾਂਭ ਕੇ ਰੱਖਿਆ ਹੋਇਆ ਹੈ। ਇਹ ਆਟੋਗ੍ਰਾਫ਼ ਤਕਰੀਬਨ 25 ਸਾਲ ਪੁਰਾਣਾ ਹੈ।
ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਏਮੈਨੂਅਲ ਨੇ ਦੱਸਿਆ ਕਿ ਇਹ ਗੱਲ 1993 ਦੀ ਹੈ। ਉਨ੍ਹਾਂ ਨੇ 5 ਅਗਸਤ ਨੂੰ ਨੀਲ ਆਰਮਸਟ੍ਰਾਂਗ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਮੁਬਾਰਕਬਾਦ ਦੇਣੀ ਚਾਹੀ। ਉਨ੍ਹਾਂ ਦੇ ਕੋਲ ਉਨ੍ਹਾਂ ਦਾ ਕੋਈ ਪਤਾ ਨਹੀਂ ਸੀ। ਇਸਦੇ ਲਈ ਉਨ੍ਹਾਂ ਨੇ ਅਮੇਰੀਕਨ ਅੰਬੈਸੀ ਤੋਂ ਉਨ੍ਹਾਂ ਦਾ ਪਤਾ ਲਿਆ ਅਤੇ ਉਨ੍ਹਾਂ ਨੂੰ ਇੱਕ ਚਿੱਠੀ ਲਿਖੀ। ਜਿਸ ਤੋਂ ਕੁਝ ਦਿਨ ਬਾਅਦ ਆਰਮਸਟ੍ਰਾਂਗ ਨੇ ਆਪਣਾ ਆਟੋਗ੍ਰਾਫ਼ ਭੇਜਿਆ, ਜਿਸ 'ਤੇ ਉਨ੍ਹਾਂ ਦੀ ਫੋਟੋ ਵੀ ਸੀ।
5 ਹਜ਼ਾਰ ਦੇ ਕਰੀਬ ਆਟੋਗ੍ਰਾਫ਼
ਅਜਮੇਰ ਦੇ ਰਹਿਣ ਵਾਲੇ ਏਮੈਨੂਅਲ ਨੇ ਦੱਸਿਆ ਕਿ ਉਨ੍ਹਾਂ ਨੂੰ ਆਟੋਗ੍ਰਾਫ਼ ਲੈਣ ਦਾ ਸ਼ੌਂਕ ਬਚਪਨ ਤੋਂ ਹੀ ਸੀ। ਉਨ੍ਹਾਂ ਨੇ ਦੇਸ਼ ਦੇ ਸਾਰੇ ਆਗੂਆਂ ਦੇ ਆਟੋਗ੍ਰਾਫ਼ ਲਏ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ ਲਗਭਗ 5 ਹਜ਼ਾਰ ਆਟੋਗ੍ਰਾਫ਼ ਦਾ ਕਲੈਕਸ਼ਨ ਹੈ।
ਕਿਹੜੀਆਂ ਮਹਾਨ ਸ਼ਖਸੀਅਤਾਂ ਦੇ ਲਏ ਆਟੋਗ੍ਰਾਫ਼
ਏਮੈਨੂਅਲ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਊਂਟ ਐਵੇਰੇਸਟ ਫਤਹਿ ਕਰਨ ਵਾਲੇ ਸਰ ਐਡਮੰਡ ਹਿਲੇਰੀ, ਸਾਬਕਾ ਅਮੇਰੀਕਨ ਰਾਸ਼ਟਰਪਤੀ ਜਾਰਜ ਬੁਸ਼, ਬਿਲ ਕਲਿੰਟਨ, ਟੋਨੀ ਬਲੇਅਰ, ਸਾਬਕਾ ਰਾਸ਼ਟਰਪਤੀ ਆਰ ਵੇਂਕਟਾਰਮਨ, ਪ੍ਰਣਬ ਮੁਖਰਜੀ, ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਮਸ਼ਹੂਰ ਹਸਤੀਆਂ ਦੇ ਆਟੋਗ੍ਰਾਫ਼ ਹਨ।
ਏਮੈਨੂਅਲ ਨੇ ਕਿਹਾ ਕਿ ਮੇਰੇ ਲਈ ਇਹੀ ਸਭ ਤੋਂ ਵੱਡੇ ਤੋਹਫ਼ੇ ਹਨ। ਮੈਂ ਇਨ੍ਹਾਂ ਨੂੰ ਕਦੇ ਭੁੱਲ ਨਹੀਂ ਸਕਦਾ। ਏਮੈਨੂਅਲ ਨੇ ਚੰਦਰਯਾਨ-2 ਨੂੰ ਲੈ ਕੇ ਵੀ ਆਪਣੀ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਬਹੁਤ ਛੇਤੀ ਹੀ ਉਹ ਉਨ੍ਹਾਂ ਨੂੰ ਵੀ ਇੱਕ ਚਿੱਠੀ ਲਿਖਣਗੇ।