ਨਵੀਂ ਦਿੱਲੀ: ਬ੍ਰਿਟੇਨ ਵਿੱਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਦੇਸ਼ ਵਿੱਚ ਹੁਣ ਤੱਕ ਕੁਲ 58 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਮੰਗਲਵਾਰ ਨੂੰ ਦੇਸ਼ ਵਿੱਚ ਯੂਕੇ ਦੇ ਮਯੂਟੈਂਟ ਸਟ੍ਰੇਨ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ 20 ਨਵੇਂ ਮਾਮਲੇ ਪੁਣੇ ਦੀ ਲੈਬ ਵਿੱਚ ਪਾਏ ਗਏ ਹਨ।
ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ, ਨਵੇਂ ਕੋਰੋਨਾ ਸਟ੍ਰੈਨ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਬ੍ਰਿਟੇਨ ਦੇ ਨਵੇਂ ਕਿਸਮ ਦੇ ਜੀਨੋਮ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 58 ਨਮੂਨਿਆਂ ਵਿੱਚ ਇਸ ਦੀ ਪੁਸ਼ਟੀ ਹੋਈ ਹੈ। ਸਰਕਾਰ ਨਵੇਂ ਸਟ੍ਰੇਨ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਵੀ ਪਾਬੰਦੀ ਲਗਾਈ ਗਈ ਸੀ।
ਓਥੇ ਹੀ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਮਕਸਦ ਨਾਲ ਤਾਲਾਬੰਦੀ ਦਾ ਐਲਾਨ ਕੀਤਾ ਹੈ। ਇਹ ਤਾਲਾਬੰਦੀ ਬੁੱਧਵਾਰ ਤੋਂ ਲਾਗੂ ਹੋ ਜਾਵੇਗੀ। ਨਾਲ ਹੀ ਸਾਰੇ ਸਕੂਲ ਵੀ ਬੁੱਧਵਾਰ ਤੋਂ ਬੰਦ ਰਹਿਣਗੇ। ਪ੍ਰਧਾਨ ਮੰਤਰੀ ਦਾ ਐਲਾਨ ਸਕਾਟਲੈਂਡ ਤੋਂ ਬਾਅਦ ਆਇਆ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਵੀ ਕੀਤੀ।
ਨਵਾਂ ਸਟ੍ਰੇਨ, ਵਧੇਰੇ ਛੂਤਕਾਰੀ
- ਲੋਕਾਂ ਨੂੰ ਜਲਦੀ ਪ੍ਰਭਾਵਿਤ ਕਰਦਾ ਹੈ
- ਨਵਾਂ ਸਟ੍ਰੇਨ 70 ਫੀਸਦੀ ਵਧੇਰੇ ਛੂਤਕਾਰੀ ਹੈ
- ਵਾਇਰਸ ਦਾ ਇਹ ਸਟ੍ਰੇਨ ਬਹੁਤ ਤੇਜ਼ੀ ਨਾਲ ਫੈਲਦਾ ਹੈ
- ਮਯੂਟੇਸ਼ਨ ਨਾਲ ਵਾਇਰਸ ਦੇ ਉਨ੍ਹਾਂ ਹਿੱਸਿਆਂ 'ਚ ਬਦਲਾਓ ਵੇਖਣ ਨੂੰ ਮਿਲਿਆ ਹੈ, ਜੋ ਮਨੁੱਖੀ ਸੈੱਲਾਂ ਨੂੰ ਪ੍ਰਭਾਵਤ ਕਰਦੇ ਹਨ
- ਕੁੱਝ ਪਰਿਵਰਤਨ ਮਨੁੱਖੀ ਸੈੱਲਾਂ ਨੂੰ ਸੰਕਰਮਿਤ ਕਰਨ ਦੀ ਵਾਇਰਸ ਦੀ ਯੋਗਤਾ ਨੂੰ ਵਧਾਉਂਦੇ ਹਨ