ਮੇਰਠ/ਉੱਤਰ ਪ੍ਰਦੇਸ਼: ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ, ਮੇਰਠ ਦੇ ਜਵਾਈ ਬਣਨ ਲਈ ਤਿਆਰ ਹਨ। 7 ਨਵੰਬਰ ਨੂੰ ਮੀਤ ਹੇਅਰ ਮੇਰਠ ਦੀ ਡਾ. ਗੁਰਵੀਨ ਕੌਰ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਗੁਰਵੀਰ ਕੌਰ ਮੇਰਠ ਦੇ ਮਸ਼ਹੂਰ ਬਾਜਵਾ ਪਰਿਵਾਰ ਦੀ ਧੀ ਹੈ। ਬੀਤੇ ਦਿਨ ਐਤਵਾਰ ਨੂੰ ਦੋਹਾਂ ਦੀ ਮੇਰਠ ਦੇ ਗੌਡਵਿਨ ਹੋਟਲ ਵਿੱਚ ਰਿੰਗ ਸੈਰੇਮਨੀ ਹੋਈ ਹੈ। ਇਸ ਮੌਕੇ ਪ੍ਰੋਗਰਾਮ ਵਿੱਚ ਜਿੱਥੇ ਸਾਰੇ ਸਾਕ-ਸਬੰਧੀ ਇੱਕਠੇ ਹੋਏ, ਉੱਥੇ ਹੀ, ਕੇਂਦਰੀ ਰਾਜ ਮੰਤਰੀ, ਯੂਪੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ, ਸੰਸਦ ਮੈਂਬਰ ਅਤੇ ਸਾਰੇ ਵਿਧਾਇਕ ਵੀ ਸ਼ਾਮਲ ਹੋਏ।
ਪਿਤਾ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀ: ਮੇਰਠ ਦੀ ਡਾਕਟਰ ਗੁਰਵੀਨ ਕੌਰ ਬਾਜਵਾ ਪਰਿਵਾਰ ਦੀ ਬੇਟੀ ਹੈ। ਦੱਸ ਦੇਈਏ ਕਿ ਡਾਕਟਰ ਗੁਰਵੀਨ ਕੌਰ ਦੇ ਪਿਤਾ ਭੂਪੇਂਦਰ ਸਿੰਘ ਗੌਡਵਿਨ ਗਰੁੱਪ ਦੇ ਡਾਇਰੈਕਟਰ ਹਨ। ਉਹ ਭਾਰਤੀ ਓਲੰਪਿਕ ਸੰਘ ਦਾ ਅਧਿਕਾਰੀ ਵੀ ਹਨ।
ਗੌਡਵਿਨ ਹੋਟਲ ਵਿੱਚ ਹੋਇਆ ਮੰਗਣੇ ਦਾ ਪ੍ਰੋਗਰਾਮ: ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੀ ਸਗਾਈ ਦੀ ਰਸਮ ਅਦਾ ਕੀਤੀ। ਇਸ ਮੌਕੇ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨਾਂ ਨੇ ਹੀ ਸ਼ਿਰਕਤ ਕੀਤੀ। ਪੂਰੇ ਪ੍ਰੋਗਰਾਮ ਦਾ ਪ੍ਰਬੰਧ ਗੌਡਵਿਨ ਹੋਟਲ ਵਿਖੇ ਦੁਲਹਨ ਦੀ ਪਾਰਟੀ ਵੱਲੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਤੋਂ ਆਏ ਮਹਿਮਾਨਾਂ ਨੇ ਗੁਰਮੀਤ ਸਿੰਘ ਹੇਅਰ ਅਤੇ ਲੜਕੀ ਗੁਰਵੀਨ ਕੌਰ ਨੂੰ ਅਸ਼ੀਰਵਾਦ ਦਿੱਤਾ। ਵਿਆਹ ਦਾ ਪ੍ਰੋਗਰਾਮ 7 ਨਵੰਬਰ ਨੂੰ ਚੰਡੀਗੜ੍ਹ 'ਚ ਹੋਵੇਗਾ। ਇਸ ਤੋਂ ਬਾਅਦ ਵਿਆਹ ਦੀ ਰਿਸੈਪਸ਼ਨ 8 ਨਵੰਬਰ ਨੂੰ ਚੰਡੀਗੜ੍ਹ ਦੇ ਫੋਰੈਸਟ ਹਿੱਲ ਰਿਜ਼ੌਰਟ 'ਚ ਹੋਵੇਗੀ।
ਬਾਜਵਾ ਪਰਿਵਾਰ ਵਲੋਂ ਨਿੱਘਾ ਸਵਾਗਤ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਦੇ ਸਗਾਈ ਸਮਾਗਮ ਵਿੱਚ ਸ਼ਾਮਲ ਹੋਣ ਆਏ ਲੋਕਾਂ ਦਾ ਬਾਜਵਾ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਗਾਈ ਸਮਾਗਮ ਵਿੱਚ ਗੁਰਵੀਨ ਕੌਰ ਦੇ ਭਰਾ ਤਨਵੀਰ ਬਾਜਵਾ, ਚਾਚਾ ਜਤਿੰਦਰ ਬਾਜਵਾ, ਚਚੇਰੇ ਭਰਾ ਚਿਰੰਜੀਵ ਬਾਜਵਾ, ਭੈਣਾਂ ਹਰਮੇਹਰ ਤੇ ਹਰਲੀਨ ਬਾਜਵਾ ਆਦਿ ਹਾਜ਼ਰ ਸਨ।
ਇਸ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਡਾ: ਸੰਜੀਵ ਬਾਲਿਆਨ, ਊਰਜਾ ਰਾਜ ਮੰਤਰੀ ਸੋਮੇਂਦਰ ਤੋਮਰ, ਮੇਰਠ ਦੇ ਸੰਸਦ ਮੈਂਬਰ ਰਾਜਿੰਦਰ ਅਗਰਵਾਲ, ਛਾਉਣੀ ਦੇ ਵਿਧਾਇਕ ਅਮਿਤ ਅਗਰਵਾਲ, ਸ਼ਹਿਰ ਦੇ ਵਿਧਾਇਕ ਰਫੀਕ ਅੰਸਾਰੀ, ਕਿਥੋਰ ਦੇ ਵਿਧਾਇਕ ਸਾਬਕਾ ਮੰਤਰੀ ਸ਼ਾਹਿਦ ਮਨਜ਼ੂਰ, ਸੀਵਾਲ ਖਾਸ ਦੇ ਵਿਧਾਇਕ ਗੁਲਾਮ ਮੁਹੰਮਦ, ਡਾ. ਐਮਐਲਸੀ ਧਰਮਿੰਦਰ ਭਾਰਦਵਾਜ, ਸਾਬਕਾ ਵਿਧਾਇਕ ਸਤਿਆਪ੍ਰਕਾਸ਼ ਅਗਰਵਾਲ ਅਤੇ ਹੋਰ ਸ਼ਾਮਲ ਹੋਏ ਅਤੇ ਗੁਰਮੀਤ ਸਿੰਘ ਹੇਅਰ ਅਤੇ ਗੁਰਵੀਨ ਕੌਰ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪੰਜਾਬ ਦੇ ਮੰਤਰੀਆਂ ਨੇ ਕੀਤੀ ਸ਼ਮੂਲੀਅਤ: ਮੀਤ ਹੇਅਰ ਦੀ ਸਗਾਈ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਜੋਤ ਬੈਂਸ, ਹਰਪਾਲ ਚੀਮਾ, ਕੁਲਦੀਪ ਧਾਲੀਵਾਲ ਸਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੇਰਠ ਪਹੁੰਚੇ। ਇਸ ਮੌਕੇ ਹਰਜੋਤ ਸਿੰਘ ਬੈਂਸ ਦੀ ਪਤਨੀ ਵੀ ਉਨ੍ਹਾਂ ਨਾਲ ਦਿਖਾਈ ਦਿੱਤੀ।
ਰਾਕੇਸ਼ ਟਿਕੈਤ ਅਤੇ ਉਤਰਾਖੰਡ ਦੇ ਡੀਜੀਪੀ ਵੀ ਪਹੁੰਚੇ: ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਰਾਣਾ, ਮਹਾਂਨਗਰ ਦੇ ਪ੍ਰਧਾਨ ਸੁਰੇਸ਼ ਜੈਨ ਰਿਤੂਰਾਜ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਪੰਜਾਬ ਸਰਕਾਰ ਦੇ 10 ਤੋਂ ਵੱਧ ਮੰਤਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ, ਸਾਬਕਾ ਆਈਪੀਐਸ ਗੁਰਦਰਸ਼ਨ ਸਿੰਘ ਆਦਿ ਸਮੇਤ ਵੱਖ-ਵੱਖ ਖੇਤਰਾਂ ਦੀਆਂ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਦੇ ਨਾਲ ਹੀ ਆਲ ਇੰਡੀਆ ਐਂਟੀ ਟੈਰੋਰਿਜ਼ਮ ਮੋਰਚਾ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਵੀ ਸ਼ਮੂਲੀਅਤ ਦੇ ਪ੍ਰੋਗਰਾਮ ਵਿੱਚ ਪਹੁੰਚ ਕੇ ਵਧਾਈ ਦਿੱਤੀ।
ਐਮਡੀ ਵਿੱਚ ਟਾਪਰ ਰਹੀ ਹੈ ਗੁਰਵੀਨ ਕੌਰ : ਮੇਰਠ ਦੇ ਇੱਕ ਮਸ਼ਹੂਰ ਪਰਿਵਾਰ ਦੀ ਧੀ ਡਾ. ਗੁਰਵੀਨ ਕੌਰ ਨੇ ਮਸੂਰੀ ਤੋਂ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਸੁਭਾਰਤੀ ਯੂਨੀਵਰਸਿਟੀ ਤੋਂ ਐਮਬੀਬੀਐਸ ਅਤੇ ਐਮਡੀ ਕੀਤੀ। ਗੁਰਵੀਨ ਕੌਰ ਐਮਡੀ ਵਿੱਚ ਟਾਪਰ ਰਹੀ। ਇਸ ਸਮੇਂ ਉਹ ਮੇਦਾਂਤਾ ਹਸਪਤਾਲ ਵਿੱਚ ਬਤੌਰ ਰੇਡੀਓਲੋਜਿਸਟ ਤਾਇਨਾਤ ਹਨ। ਜੇਕਰ ਮੰਤਰੀ ਗੁਰਮੀਤ ਸਿੰਘ ਹੇਅਰ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਕੋਲ ਪੰਜਾਬ ਸਰਕਾਰ ਵਿੱਚ 5 ਵਿਭਾਗ ਹਨ। ਉਹ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
ਦੱਸ ਦੇਈਏ ਕਿ ਬਾਜਵਾ ਪਰਿਵਾਰ ਮੇਰਠ ਦੇ ਸਭ ਤੋਂ ਮਸ਼ਹੂਰ ਪਰਿਵਾਰਾਂ ਵਿੱਚੋਂ ਇੱਕ ਹੈ। ਗੌਡਵਿਨ ਗਰੁੱਪ ਆਫ਼ ਗੌਡਵਿਨ ਸਕੂਲ ਮੇਰਠ, ਰਿਸ਼ੀਕੇਸ਼, ਜੈਸਲਮੇਰ ਅਤੇ ਗੋਆ ਵਿੱਚ ਪੰਜ ਤਾਰਾ ਗੌਡਵਿਨ ਹੋਟਲਾਂ ਦੀ ਇੱਕ ਚੇਨ ਹੈ। ਇਹ ਗਰੁੱਪ ਪ੍ਰਾਪਰਟੀ ਅਤੇ ਰੀਅਲ ਅਸਟੇਟ ਵਿੱਚ ਵੀ ਕਾਫੀ ਮਸ਼ਹੂਰ ਹੈ।
ਆਪ ਸਰਕਾਰ ਦੇ ਨੇਤਾਵਾਂ ਦੇ ਵਿਆਹ: ਇਕ-ਦੋ ਸਾਲ ਅੰਦਰ, ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਇਸ ਤੋਂ ਬਾਅਦ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ ਆਈਪੀਐਸ ਜੋਤੀ ਯਾਦਵ ਨਾਲ ਹੋਇਆ। ਹੁਣ ਹਾਲ ਹੀ 'ਚ 'ਆਪ' ਸਾਂਸਦ ਰਾਘਵ ਚੱਢਾ ਦਾ ਵਿਆਹ ਅਦਾਕਾਰਾ ਪਰੀਨਿਤੀ ਚੋਪੜਾ ਨਾਲ ਹੋਇਆ ਹੈ। ਹੁਣ ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਹੇਅਰ ਅਤੇ ਗੁਰਵੀਨ ਕੌਰ ਦੀ ਰਿੰਗ ਦੀ ਰਸਮ ਸ਼ਾਹੀ ਅੰਦਾਜ਼ ਵਿੱਚ ਹੋਈ। ਦੋਵੇਂ 7 ਨਵੰਬਰ ਨੂੰ ਵਿਆਹ ਕਰਨ ਜਾ ਰਹੇ ਹਨ।