ਹੈਦਰਾਬਾਦ: ਹਿੰਦੂ ਪੰਚਾਂਗ ਅਨੁਸਾਰ, ਕਾਰਤਿਕ ਸ਼ੁਕਲ ਪੱਖ ਦੀ ਨੌਵੀਂ ਤਰੀਕ ਨੂੰ ਅਕਸ਼ੈ ਨਵਮੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਅਕਸ਼ੈ ਨਵਮੀ ਦੇ ਦਿਨ ਕੀਤੇ ਗਏ ਦਾਨ ਅਤੇ ਚੰਗੇ ਕਰਮਾਂ ਦਾ ਫਲ ਸਦੀਵੀ ਰਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਅਕਸ਼ੈ ਨਵਮੀ ਦਾ ਵਰਤ ਲਗਾਤਾਰ 3 ਸਾਲ ਤੱਕ ਕਰਨ ਨਾਲ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਸਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਅਕਸ਼ੈ ਨਵਮੀ ਦੇ ਦਿਨ ਆਂਵਲੇ ਦੀ ਪੂਜਾ ਕਰਨ ਨਾਲ ਅਤੇ ਇਸਦੇ ਦਰੱਖਤ ਥੱਲੇ ਭੋਜਨ ਕਰਨ ਨਾਲ ਜੀਵਨ 'ਚ ਸੁੱਖ ਆਉਦਾ ਹੈ। ਅਕਸ਼ੈ ਨਵਮੀ ਦੇ ਦਿਨ ਹੀ ਸੁਨਹਿਰੇ ਯੁੱਗ ਦੀ ਸ਼ੁਰੂਆਤ ਹੋਈ ਸੀ।
ਅਕਸ਼ੈ ਨਵਮੀ ਦੇ ਦਿਨ ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਆਂਵਲੇ ਦੀ ਪੂਜਾ ਦੇ ਨਾਲ ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀ ਵੀ ਪੂਜਾ ਕਰਨੀ ਚਾਹੀਦੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਭਗਵਾਨ ਵਿਸ਼ਣੂ ਦੇ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਆਂਵਲੇ ਦੇ ਦਰੱਖਤ ਨੂੰ ਦੁੱਧ, ਜਲ, ਅਕਸ਼ਤ, ਸਿੰਦੂਰ ਅਤੇ ਚੰਦਨ ਚੜ੍ਹਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਮੌਲੀ ਧਾਗਾ ਲਪੇਟ ਕੇ 11 ਵਾਰ ਪਰਿਕਰਮਾ ਕਰਨੀ ਚਾਹੀਦੀ ਹੈ।
ਅਕਸ਼ੈ ਨਵਮੀ ਦਾ ਮਹੱਤਵ ਅਤੇ ਦਾਨ: ਅਕਸ਼ੈ ਨਵਮੀ ਦੇ ਦਿਨ ਇਸ਼ਨਾਨ ਕਰਨ ਤੋਂ ਬਾਅਦ ਦਾਨ ਕਰਨਾ ਚਾਹੀਦਾ ਹੈ। ਇਸ ਦਿਨ ਆਂਵਲੇ ਦੇ ਥੱਲੇ ਭੋਜਨ ਦਾ ਨਿਰਮਾਣ ਕਰਨਾ ਅਤੇ ਬ੍ਰਾਹਮਣ ਨੂੰ ਭੋਜਨ ਕਰਵਾਉਣ ਤੋਂ ਬਾਅਦ ਸਾਰੇ ਪਰਿਵਾਰ ਨਾਲ ਭੋਜਨ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸਦੇ ਨਾਲ ਹੀ ਗਰਮ ਕੱਪੜਿਆਂ ਦਾ ਦਾਨ ਵੀ ਕਰਨਾ ਚਾਹੀਦਾ ਹੈ। ਆਂਵਲੇ ਦੀ ਰਸਮਾਂ ਨਾਲ ਪੂਜਾ ਕਰਨ ਤੋਂ ਬਾਅਦ ਇੱਕ ਕੱਦੂ ਦੇ ਅੰਦਰ ਸੋਨਾ-ਚਾਂਦੀ ਅਤੇ ਪੈਸਾ ਆਦਿ ਰੱਖ ਕੇ ਬ੍ਰਾਹਮਣ ਨੂੰ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਆਂਵਲੇ ਦੀ ਪੂਜਾ ਨਾਲ ਵਿਆਹਿਆਂ ਔਰਤਾਂ ਨੂੰ ਖੁਸ਼ਕਿਸਮਤੀ ਅਤੇ ਬੱਚੇ ਦਾ ਆਸ਼ਿਰਵਾਦ ਮਿਲਦਾ ਹੈ। ਨਵਮੀ ਦਾ ਵਰਤ ਕਰਨ ਵਾਲੇ ਵਿਅਕਤੀ ਨੂੰ ਸਰੀਰ, ਮਨ ਅਤੇ ਧਨ ਦੀ ਸ਼ੁੱਧਤਾ ਦੇ ਨਾਲ ਵਰਤ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦਿਨ ਜ਼ਿਆਦਾ ਕੰਮ ਅਤੇ ਗੱਲਬਾਤ ਕਰਨ ਤੋਂ ਬਚਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਭਗਵਾਨ ਦਾ ਕੀਰਤਨ ਕਰਨਾ ਚਾਹੀਦਾ ਹੈ।