ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰਨੀ ਦੀ ਬੈਠਕ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਾ ਕਾਰਜਕਾਲ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। ਭਾਜਪਾ ਨੇ ਕਿਹਾ ਕਿ ਇਹ ਸਾਲ ਮੈਂਬਰਸ਼ਿਪ ਦਾ ਸਾਲ ਹੈ। ਦੱਸ ਦਈਏ ਕਿ ਮੈਂਬਰਸ਼ਿਪ 6 ਸਾਲਾਂ ਬਾਅਦ ਰੀਨਿਊ ਕੀਤੀ ਜਾਂਦੀ ਹੈ, ਕੋਰੋਨਾ ਮਹਾਮਾਰੀ ਕਾਰਨ ਮੈਂਬਰਸ਼ਿਪ ਮੁਹਿੰਮ ਨਹੀਂ ਚਲਾਈ ਗਈ। ਭਾਜਪਾ ਦੀ ਕਾਰਜਕਾਰਨੀ 'ਚ ਫੈਸਲਾ ਕੀਤਾ ਗਿਆ ਹੈ ਕਿ ਜੇਪੀ ਨੱਡਾ ਜੂਨ 2024 ਤੱਕ ਪਾਰਟੀ ਦੇ ਕੌਮੀ ਪ੍ਰਧਾਨ ਬਣੇ ਰਹਿਣਗੇ।
ਜੇਪੀ ਨੱਡਾ ਦੀ ਅਗਵਾਈ 'ਚ ਕਈ ਸੂਬਿਆਂ 'ਚ ਚੋਣਾਂ ਜਿੱਤੀਆਂ:- ਧਿਆਨਯੋਗ ਹੈ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਸਿਰਫ ਜੇਪੀ ਨੱਡਾ ਦੇ ਪ੍ਰਧਾਨ ਵਜੋਂ ਲੜੇਗੀ। ਜੇਪੀ ਨੱਡਾ ਦਾ ਕਾਰਜਕਾਲ ਵਧਾਉਣ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਪੀ ਨੱਡਾ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਨੇ ਕਈ ਸੂਬਿਆਂ 'ਚ ਚੋਣਾਂ ਜਿੱਤੀਆਂ ਹਨ। ਉਨ੍ਹਾਂ ਦੀ ਅਗਵਾਈ ਵਿੱਚ ਗੁਜਰਾਤ ਵਿੱਚ ਪਾਰਟੀ ਦੀ ਜਿੱਤ ਬੇਮਿਸਾਲ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਉੱਤਰ ਪ੍ਰਦੇਸ਼ ਅਤੇ ਗੋਆ ਵਿੱਚ ਵੀ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਉੱਤਰ-ਪੂਰਬੀ ਰਾਜਾਂ ਵਿੱਚ ਵੀ ਪਾਰਟੀ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ।
2023 ਅਤੇ 2024 'ਚ ਚੋਣਾਂ ਦੇ ਮੱਦੇਨਜ਼ਰ ਕਾਰਜਕਾਲ ਵਧਾਇਆ:- ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਜੇਪੀ ਨੱਡਾ ਦਾ ਕਾਰਜਕਾਲ ਵਧਾਉਣ ਦਾ ਪ੍ਰਸਤਾਵ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੇਸ਼ ਕੀਤਾ ਸੀ, ਜਿਸ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਲੋਕਤੰਤਰੀ ਪਾਰਟੀ ਹੈ। ਸਾਲ 2023 'ਚ 9 ਸੂਬਿਆਂ 'ਚ ਚੋਣਾਂ ਅਤੇ 2024 'ਚ ਲੋਕ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਨੱਡਾ ਜੀ ਦਾ ਕਾਰਜਕਾਲ ਵਧਾਉਣ ਦਾ ਮਤਾ ਪਾਸ ਕੀਤਾ ਗਿਆ ਸੀ।
ਨੱਡਾ ਦੀ ਅਗਵਾਈ ਵਿੱਚ ਪਾਰਟੀ ਤੇ ਪੀਐਮ ਮੋਦੀ ਦੀ ਲੋਕਪ੍ਰਿਅਤਾ ਨੂੰ ਅੱਗੇ ਵਧਾਉਣ ਵਿੱਚ ਵੱਡਾ ਯੋਗਦਾਨ :-ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਰਾਸ਼ਟਰੀ ਪ੍ਰਧਾਨਗੀ 'ਚ ਅਸੀਂ ਬਿਹਾਰ 'ਚ ਸਰਕਾਰ ਬਣਾਈ, ਮਹਾਰਾਸ਼ਟਰ 'ਚ ਫਿਰ ਤੋਂ ਸਰਕਾਰ ਬਣਾਈ। ਬੰਗਾਲ 'ਚ 3 ਤੋਂ 77 ਸੀਟਾਂ ਦਾ ਅੰਤਰ ਤੈਅ ਕੀਤਾ ਹੈ ਅਤੇ ਤਾਮਿਲਨਾਡੂ 'ਚ ਵੀ ਹੌਲੀ-ਹੌਲੀ ਅੱਗੇ ਵੱਧ ਰਿਹਾ ਹੈ, ਗੁਜਰਾਤ ਵਿੱਚ 156 ਸੀਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਨੱਡਾ ਜੀ ਦੀ ਅਗਵਾਈ ਵਿੱਚ ਸੰਗਠਨ ਨੂੰ ਅੱਗੇ ਲਿਜਾਣ ਅਤੇ ਮੋਦੀ ਜੀ ਦੀ ਲੋਕਪ੍ਰਿਅਤਾ ਨੂੰ ਅੱਗੇ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਇਹ ਵੀ ਪੜੋ:- ਪਾਕਿਸਤਾਨ 'ਚ ਛਾਇਆ ਪੀਐੱਮ ਮੋਦੀ ਦਾ ਤਿੰਨ ਸਾਲ ਪੁਰਾਣਾ ਵੀਡੀਓ, ਇਮਰਾਨ ਖਾਨ ਦੀ ਪਾਰਟੀ ਨੇ ਕੀਤੀ ਵੀਡੀਓ ਸ਼ੇਅਰ