ਤਾਮਿਲਨਾਡੂ/ਕੋਇੰਬਟੂਰ: ਅੱਜ ਦੇਸ਼ ਵਿੱਚ ਔਰਤਾਂ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਖੇਤਰ ਵਿੱਚ ਆਪਣਾ ਨਾਂ ਰੌਸ਼ਨ ਕਰ ਰਹੀਆਂ ਹਨ। ਤਾਮਿਲਨਾਡੂ ਦੇ ਪੋਲਾਚੀ ਵਿੱਚ ਰਹਿਣ ਵਾਲੀ ਸ਼ਾਂਤੀ ਵੀ ਇਹੀ ਗੱਲ ਸਾਬਤ ਕਰ ਰਹੀ ਹੈ। ਦਰਅਸਲ 4 ਬੱਚਿਆਂ ਦੀ ਮਾਂ ਸ਼ਾਂਤੀ ਸ਼ਹਿਰ ਦੀ ਸੌ ਸਾਲ ਪੁਰਾਣੀ ਨਗਰਪਾਲਿਕਾ ਦੀ ਪਹਿਲੀ ਮਹਿਲਾ ਡਰਾਈਵਰ ਬਣ ਗਈ ਹੈ, ਪਰ ਉਸ ਦਾ ਰਾਹ ਇੰਨਾ ਆਸਾਨ ਨਹੀਂ ਸੀ।
ਇੱਥੇ ਪੋਲਚੀ ਦੇ ਰਾਜਾ ਮਿੱਲ ਰੋਡ ਦੀ ਰਹਿਣ ਵਾਲੀ ਸ਼ਾਂਤੀ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਕਾਰਨ ਪਰਿਵਾਰ ਦੀ ਜ਼ਿੰਮੇਵਾਰੀ ਉਸ 'ਤੇ ਉਪਰ ਆ ਗਈ। ਇਸ ਦੇ ਲਈ ਉਸ ਨੇ ਸ਼ੁਰੂ ਵਿੱਚ ਇੱਕ ਮਜ਼ਦੂਰ ਵੱਜੋਂ ਕੰਮ ਕੀਤਾ, ਪਰ ਉਸਨੂੰ ਇੰਨੀ ਆਮਦਨ ਨਹੀਂ ਮਿਲੀ ਕਿ ਉਹ ਆਪਣੀਆਂ 3 ਧੀਆਂ ਅਤੇ 1 ਪੁੱਤਰ ਦਾ ਗੁਜ਼ਾਰਾ ਚਲਾ ਸਕੇ।
ਇਸ ਤੋਂ ਬਾਅਦ ਉਸ ਨੇ ਡਰਾਈਵਿੰਗ ਸਿੱਖਣ ਦਾ ਫੈਸਲਾ ਕੀਤਾ ਅਤੇ ਬਿਨ੍ਹਾਂ ਕਿਸੇ ਮਦਦ ਦੇ ਨਾ ਸਿਰਫ ਡਰਾਈਵਿੰਗ ਸਿੱਖੀ ਸਗੋਂ ਲਾਇਸੈਂਸ ਵੀ ਹਾਸਲ ਕੀਤਾ। ਦੂਜੇ ਪਾਸੇ ਸ਼ਾਂਤੀ ਬਾਰੇ ਪਤਾ ਲੱਗਣ ਤੋਂ ਬਾਅਦ ਨਗਰ ਪਾਲਿਕਾ ਦੀ ਚੇਅਰਮੈਨ ਸ਼ਿਆਮਲਾ ਨਵਨੀਤਕ੍ਰਿਸ਼ਨਨ ਨੇ ਉਸ ਤੋਂ ਖੁਦ ਨਗਰ ਪਾਲਿਕਾ 'ਚ ਡਰਾਈਵਰ ਦੀ ਨੌਕਰੀ ਬਾਰੇ ਪੁੱਛਿਆ, ਜਿਸ ਤੋਂ ਬਾਅਦ ਉਹ ਨਗਰ ਪਾਲਿਕਾ ਦੀ ਪਹਿਲੀ ਮਹਿਲਾ ਡਰਾਈਵਰ ਬਣੀ।
ਇਸ 'ਤੇ ਗੱਲਬਾਤ ਕਰਦੇ ਹੋਏ ਸ਼ਾਂਤੀ ਨੇ ਦੱਸਿਆ, 'ਮੈਂ ਆਪਣੇ ਪਤੀ ਨੂੰ ਗੁਆ ਦਿੱਤਾ, ਜਿਸ ਤੋਂ ਬਾਅਦ ਚਾਰ ਬੱਚਿਆਂ ਦੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ। ਜਦੋਂ ਘਰ ਚਲਾਉਣਾ ਔਖਾ ਹੋ ਗਿਆ ਤਾਂ ਮੈਂ ਖੁਦ ਗੱਡੀ ਚਲਾਉਣੀ ਸਿੱਖ ਲਈ। ਇਸ ਤੋਂ ਬਾਅਦ ਮੈਂ ਕੋਚੀਨ, ਬੈਂਗਲੁਰੂ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਗੱਡੀ ਚਲਾਈ। ਮੈਂ ਦਸ ਸਾਲਾਂ ਤੋਂ ਬਿਨਾਂ ਕਿਸੇ ਦੁਰਘਟਨਾ ਦੇ ਗੱਡੀ ਚਲਾ ਰਹੀ ਹਾਂ ਅਤੇ ਮੈਂ ਕਾਰ ਦੇ ਨਾਲ-ਨਾਲ ਭਾਰੀ ਵਾਹਨ ਵੀ ਚਲਾਉਂਦੀ ਹਾਂ।
ਕੋਰੋਨਾ ਮਹਾਮਾਰੀ ਦੌਰਾਨ ਮੈਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਘਰ ਦੇ ਕਿਰਾਏ ਅਤੇ ਹੋਰ ਚੀਜ਼ਾਂ ਲਈ ਵੀ ਸੰਘਰਸ਼ ਕਰਨਾ ਪਿਆ। ਹੁਣ ਮੈਂ ਪੋਲਾਚੀ ਦੀ ਨਗਰਪਾਲਿਕਾ ਵਿੱਚ ਕੰਮ ਕਰਦੀ ਹਾਂ। ਇਹ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਹਰ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Rajasthan: ਕਰੌਲੀ 'ਚ 15 ਦਿਨਾਂ ਬਾਅਦ ਹਟਾਇਆ ਗਿਆ ਕਰਫਿਊ, ਆਮ ਲੋਕਾਂ ਨੂੰ ਮਿਲੀ ਰਾਹਤ