ਬਰਨਾਲਾ: ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਅੱਜ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਸੀਟ ਜਿੱਤਣ ਵਿੱਚ ਕਾਮਯਾਬ ਰਹੀ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਇਹ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 2157 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ।
ਕਾਂਗਰਸ ਆਮ ਆਦਮੀ ਪਾਰਟੀ ਦੀ ਰਾਜਧਾਨੀ ਆਖੇ ਜਾਂਦੇ ਬਰਨਾਲਾ ਜ਼ਿਲ੍ਹੇ ਵਿੱਚ ਜਿੱਤ ਦਾ ਝੰਡਾ ਲਹਿਰਾਉਣ ਵਿੱਚ ਕਾਮਯਾਬ ਰਹੀ ਹੈ। 12 ਸਾਲ ਬਾਅਦ ਕਾਂਗਰਸ ਪਾਰਟੀ ਨੇ ਬਰਨਾਲਾ ਸੀਟ ਉਤੇ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਬਾਗੀ ਗੁਰਦੀਪ ਸਿੰਘ ਬਾਠ ਦਾ ਸੱਤਾਧਿਰ ਨੂੰ ਨੁਕਸਾਨ ਝੱਲਣਾ ਪਿਆ ਹੈ। ਉਥੇ ਭਾਰਤੀ ਜਨਤਾ ਪਾਰਟੀ ਨੇ ਇਸ ਚੋਣ ਜ਼ਰੀਏ ਪੰਜਾਬ ਦੇ ਧੁਰ ਕੇਂਦਰ ਬਿੰਦੂ ਮਾਲਵੇ ਵਿੱਚ ਪੈਰ ਜਮਾਉਣ ਦਾ ਕੰਮ ਕੀਤਾ ਹੈ।
ਇਸ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 28254 ਵੋਟਾਂ ਨਾਲ ਪਹਿਲੇ ਨੰਬਰ ਉਤੇ ਰਹੇ। ਜਦਕਿ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ 26097 ਵੋਟਾਂ ਲੈ ਕੇ 2157 ਵੋਟਾਂ ਨਾਲ ਹਾਰ ਗਏ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ 17958 ਵੋਟਾਂ ਨਾਲ ਤੀਜੇ ਨੰਬਰ ਉਤੇ ਰਹੇ। ਜਦਕਿ ਆਮ ਆਦਮੀ ਪਾਰਟੀ ਦੇ ਬਾਗੀ ਗੁਰਦੀਪ ਸਿੰਘ ਬਾਠ 16899 ਵੋਟਾਂ ਲਿਜਾਣ ਵਿੱਚ ਕਾਮਯਾਬ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ 7900 ਵੋਟਾਂ ਲੈ ਕੇ 5ਵੇਂ ਨੰਬਰ ਉਤੇ ਰਹੇ ਹਨ।
12 ਸਾਲਾਂ ਬਾਅਦ ਕਾਂਗਰਸ ਦੀ ਬਰਨਾਲਾ ਵਿੱਚ ਵਾਪਸੀ
ਕਾਂਗਰਸ ਪਾਰਟੀ ਇਸ ਜਿੱਤ ਨਾਲ 12 ਸਾਲ ਬਾਅਦ ਬਰਨਾਲਾ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਰਹੀ ਹੈ। ਬਰਨਾਲਾ ਤੋਂ ਕਾਂਗਰਸ ਪਿਛਲੀ ਵਾਰ 2012 ਦੀ ਵਿਧਾਨ ਸਭਾ ਚੋਣ ਜਿੱਤੀ ਸੀ। ਇਸ ਉਪਰੰਤ ਲਗਾਤਾਰ ਆਮ ਆਦਮੀ ਪਾਰਟੀ ਇਸ ਸੀਟ ਤੋਂ ਜਿੱਤਦੀ ਆਈ ਹੈ। ਜ਼ਿਮਨੀ ਚੋਣ ਦੀ ਜਿੱਤ ਨਾਲ ਕਾਂਗਰਸ ਪਾਰਟੀ ਨੇ ਮੁੜ ਆਪਣਾ ਦਬਦਬਾ ਇਸ ਸੀਟ ਉਪਰ ਕਾਇਮ ਕੀਤਾ ਹੈ, ਜੋ 2027 ਦੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਲਗਾਤਾਰ ਤਿੰਨ ਚੋਣਾਂ ਦੀ ਜਿੱਤ ਤੋਂ ਬਾਅਦ ਆਪ ਹਾਰੀ
ਆਮ ਆਦਮੀ ਪਾਰਟੀ ਲਗਾਤਾਰ ਤਿੰਨ ਚੋਣਾਂ ਜਿੱਤਣ ਤੋਂ ਬਾਅਦ ਇਹ ਚੋਣ ਹਾਰੀ ਹੈ। ਆਖ਼ਰੀ ਵਾਰ ਸੰਗਰੂਰ ਲੋਕ ਸਭਾ ਦੀ ਚੋਣ ਬਰਨਾਲਾ ਦੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੱਡੀ ਲੀਡ ਨਾਲ ਜਿੱਤੇ ਸਨ। ਉਹਨਾਂ ਨੂੰ ਬਰਨਾਲਾ ਵਿਧਾਨ ਸਭਾ ਸੀਟ ਤੋਂ 37000 ਵੋਟਾਂ ਮਿਲੀਆਂ ਸਨ ਅਤੇ ਉਹਨਾਂ ਦੀ ਕਾਂਗਰਸ ਤੋਂ 22000 ਵੋਟਾਂ ਦੀ ਲੀਡ ਰਹੀ ਸੀ। ਜਦਕਿ ਸੱਤ ਮਹੀਨੇ ਬਾਅਦ ਆਪ ਕਾਂਗਰਸ ਤੋਂ 2157 ਵੋਟਾਂ ਨਾਲ ਹਾਰ ਗਈ। ਆਪ ਦਾ ਗੁਰਦੀਪ ਬਾਠ ਦੀ ਬਗ਼ਾਵਤ ਕਾਰਨ ਵੱਡਾ ਵੋਟ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 2017 ਅਤੇ 2022 ਦੀ ਚੋਣ ਵੀ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਨੇ ਵੱਡੀ ਲੀਡ ਨਾਲ ਜਿੱਤੀਆਂ ਸਨ।
ਇਸ ਤੋਂ ਇਲਾਵਾ 2014, 2019 ਦੀ ਲੋਕ ਸਭਾ ਵਿੱਚ ਵੀ ਆਪ ਦੀ ਇੱਥੋਂ ਲੀਡ ਰਹੀ। ਇਸੇ ਕਾਰਨ ਆਪ ਬਰਨਾਲਾ ਨੂੰ ਆਪਣੀ ਰਾਜਧਾਨੀ ਮੰਨਦੀ ਰਹੀ ਹੈ। ਜਿੱਥੇ ਹੁਣ ਕਾਂਗਰਸ ਪਾਰਟੀ ਆਪਣਾ ਝੰਡਾ ਲਹਿਰਾਉਣ ਵਿੱਚ ਕਾਮਯਾਬ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਲਈ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੋਣ ਪ੍ਰਚਾਰ ਕੀਤਾ ਸੀ, ਜਿਸਦਾ ਫ਼ਾਇਦਾ ਵੀ 'ਆਪ' ਨੂੰ ਨਹੀਂ ਹੋਇਆ।
ਬਾਠ ਦੀ ਬਗ਼ਾਵਤ ਦਾ ਨੁਕਸਾਨ
ਉਲੇਖਯੋਗ ਹੈ ਕਿ ਆਮ ਆਦਮੀ ਪਾਰਟੀ ਨੂੰ ਗੁਰਦੀਪ ਸਿੰਘ ਬਾਠ ਦੀ ਬਗਾਵਤ ਦਾ ਵੱਡਾ ਨੁਕਸਾਨ ਝੱਲਣਾ ਪਿਆ ਹੈ। ਆਜ਼ਾਦ ਚੋਣ ਲੜ ਕੇ ਗੁਰਦੀਪ ਸਿੰਘ ਬਾਠ 16899 ਵੋਟਾਂ ਲਿਜਾਣ ਵਿੱਚ ਕਾਮਯਾਬ ਰਹੇ। ਜਦਕਿ ਆਪ ਦੀ ਹਾਰ ਦਾ ਅੰਤਰ ਸਿਰਫ਼ 2157 ਵੋਟਾਂ ਹੀ ਰਿਹਾ, ਜਿਸ ਕਰਕੇ ਆਮ ਆਦਮੀ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਗੁਰਦੀਪ ਬਾਠ ਨੂੰ ਦਰਕਿਨਾਰ ਕਰਨਾ ਹੀ ਸਮਝਿਆ ਜਾ ਰਿਹਾ ਹੈ।
ਗੁਰਦੀਪ ਬਾਠ ਨੂੰ ਟਿਕਟ ਦੇਣ ਦੀ ਥਾਂ ਆਮ ਆਦਮੀ ਪਾਰਟੀ ਨੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਖ਼ਾਸਮ ਖਾਸ ਹਰਿੰਦਰ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਜਿਸਨੂੰ ਜਿਤਾਉਣ ਵਿੱਚ ਮੀਤ ਹੇਅਰ ਨਾਕਾਮ ਰਹੇ ਹਨ। ਬਾਠ ਨੂੰ ਟਿਕਟ ਨਾ ਦਿੱਤੇ ਜਾਣ ਉਤੇ ਆਮ ਆਦਮੀ ਪਾਰਟੀ ਦੇ ਵਰਕਰ ਵੱਡੇ ਪੱਧਰ ਉਤੇ ਨਾਰਾਜ਼ ਹੋ ਕੇ ਗੁਰਦੀਪ ਬਾਠ ਨਾਲ ਚਲੇ ਗਏ, ਜਿਸ ਦਾ ਖਮਿਆਜ਼ਾ ਆਪ ਨੂੰ ਭੁਗਤਣਾ ਪਿਆ ਹੈ।
ਬੀਜੇਪੀ ਮਾਲਵਾ ਵਿੱਚ ਸਥਾਪਿਤ
ਦੂਜੇ ਪਾਸੇ ਬਰਨਾਲਾ ਦੀ ਜ਼ਿਮਨੀ ਚੋਣ ਜ਼ਰੀਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨ ਯੂਨੀਅਨ ਦਾ ਗੜ੍ਹ ਮੰਨੇ ਜਾਂਦੇ ਮਾਲਵਾ ਖੇਤਰ ਦੇ ਕੇਂਦਰ ਬਿੰਦੂ ਬਰਨਾਲਾ ਵਿੱਚ ਸਥਾਪਿਤ ਹੁੰਦੀ ਨਜ਼ਰ ਆ ਰਹੀ ਹੈ। ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ 17 ਫ਼ੀਸਦੀ ਤੋਂ ਵੱਧ 17958 ਵੋਟਾਂ ਨਾਲ ਤੀਜੇ ਨੰਬਰ ਉਤੇ ਰਹੇ ਹਨ। ਪਿੰਡਾਂ ਵਿੱਚ ਵੀ ਬੀਜੇਪੀ ਨੂੰ ਇਸ ਵਾਰ ਚੰਗੀ ਵੋਟ ਪਈ ਹੈ, ਜਿਸ ਕਰਕੇ ਆਉਣ ਵਾਲੀ ਵਿਧਾਨ ਸਭਾ ਚੋਣਾ ਲਈ ਭਾਰਤੀ ਜਨਤਾ ਪਾਰਟੀ ਹੋਰ ਤਨਦੇਹੀ ਨਾਲ ਮੈਦਾਨ ਵਿੱਚ ਉਤਰਨ ਦੇ ਆਸਾਰ ਹਨ।
ਇਹ ਵੀ ਪੜ੍ਹੋ: