ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਪਿਛਲੇ ਕਈ ਦਿਨਾਂ ਤੋਂ ਈਟੀਟੀ 5994 ਭਰਤੀ ਦੇ ਬੇਰੁਜ਼ਗਾਰ ਅਧਿਆਪਕ ਧਰਨੇ ਉੱਤੇ ਬੈਠੇ ਹਨ। ਪੰਜਾਬ ਸਰਕਾਰ ਦੇ ਨਿੱਤ ਦੇ ਲਾਰਿਆਂ ਤੋਂ ਤੰਗ ਆ ਕੇ ਈਟੀਟੀ ਕਾਡਰ ਦੀ 5994 ਭਰਤੀ ਦੇ ਕੁੱਲ 6 ਬੇਰੁਜ਼ਗਾਰ ਅਧਿਆਪਕ ਵੀਰਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਅਤੇ ਪਿੰਡ ਮਾਂਗੇਵਾਲ 'ਚ ਸਥਿਤ ਪਾਣੀ ਵਾਲੀ ਟੈਂਕੀ 'ਤੇ ਚੜ ਗਏ। ਜਿਨਾਂ ਵਿਚ ਇੱਕ ਮਹਿਲਾ ਬੇਰੁਜ਼ਗਾਰ ਅਧਿਆਪਕਾ ਵੀ ਸ਼ਾਮਲ ਹੈ। ਟੈਂਕੀ ਉਪਰ ਚੜਨ ਵਾਲਿਆਂ ਵਿਚ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਆਦਰਸ਼ ਅਬੋਹਰ, ਰਮੇਸ਼ ਅਬੋਹਰ, ਮਨਪ੍ਰੀਤ ਕੰਬੋਜ, ਨੀਲਮ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।
ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ 'ਤੇ ਇਲਜ਼ਾਮ
ਟੈਂਕੀ ਉੱਪਰ ਚੜੇ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ 'ਤੇ ਇਲਜ਼ਾਮ ਲਾਇਆ ਕਿ ਮੀਟਿੰਗਾਂ ਵਿੱਚ ਨਵੇਂ ਤੋਂ ਨਵਾਂ ਬਹਾਨਾ ਬਣਾ ਕੇ ਸਾਨੂੰ ਟਾਲ ਦਿੱਤਾ ਜਾਂਦਾ ਹੈ ਪਰ ਜੁਆਇੰਨ ਨਹੀਂ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਈਟੀਟੀ 5994 ਭਰਤੀ ਦੇ ਬੇਰੁਜ਼ਗਾਰ ਅਧਿਆਪਕ ਪਿਛਲੇ 10 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ ਪਰ ਸਿੱਖਿਆ ਮੰਤਰੀ ਬਹਾਨੇਬਾਜ਼ੀ ਤੋਂ ਸਿਵਾਏ ਸਾਨੂੰ ਜੁਆਇਨ ਕਰਵਾਉਣ ਵੱਲ ਕੋਈ ਦਿਲਚਸਪੀ ਨਹੀਂ ਲੈ ਰਹੇ। ਜਿਸ ਕਾਰਨ ਸਾਨੂੰ ਮਜਬੂਰਨ ਕੜਾਕੇ ਦੀ ਠੰਡ ਦੇ ਬਾਵਜੂਦ ਪਾਣੀ ਦੀ ਟੈਂਕੀ ਉੱਪਰ ਚੜਨਾ ਪਿਆ ਹੈ।
'ਆਪ' ਸਰਕਾਰ ਸਮੇਂ ਵਿੱਚ ਸਭ ਤੋਂ ਵੱਧ ਅਧਿਆਪਕ ਟੈਂਕੀਆਂ ਉੱਪਰ
ਆਗੂਆਂ ਨੇ ਆਖਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਇੱਕ ਸਟੇਜ 'ਤੇ ਇਹ ਦਾਅਵਾ ਕਰਦੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਕਿਸੇ ਵੀ ਅਧਿਆਪਕ ਨੂੰ ਟੈਂਕੀ 'ਤੇ ਨਹੀਂ ਚੜਨਾ ਪਵੇਗਾ ਪਰ ਮੌਜੂਦਾ 'ਆਪ' ਸਰਕਾਰ ਸਮੇਂ ਵਿੱਚ ਸਭ ਤੋਂ ਵੱਧ ਅਧਿਆਪਕ ਟੈਂਕੀਆਂ ਉੱਪਰ ਹਨ ਜਦੋਂ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਹੈ, ਜਿਸ ਨੂੰ ਪੂਰਾ ਕਰਨ ਵੱਲ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।