ਸ੍ਰੀ ਅਨੰਦਪੁਰ ਸਾਹਿਬ: ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਨੇ ਸ਼ਨੀਵਾਰ ਨੂੰ ਬੈਰੀਕੇਟ ਤੋੜਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਤੱਕ ਪਹੁੰਚ ਕੇ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਕਈ ਉਮੀਦਵਾਰਾਂ ਦੇ ਸੱਟਾਂ ਵੀ ਲੱਗੀਆਂ।
ਨੰਗਲ ਹਾਈਵੇ ਕੀਤਾ ਸੀ ਜਾਮ: ਕਾਬਿਲੇਗੌਰ ਹੈ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬਾ ਕਮੇਟੀ ਮੈਂਬਰਾਂ ਨਾਲ 28 ਅਗਸਤ 2024 ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕਰਦਿਆਂ 30 ਅਗਸਤ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਪ੍ਰੋਵੀਜਨਲ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਤੱਕ ਲਿਸਟਾਂ ਨਾ ਆਉਣ 'ਤੇ ਭੜਕੇ ਈਟੀਟੀ 5994 ਉਮੀਦਵਾਰਾਂ ਨੇ ਨੰਗਲ ਹਾਈਵੇ ਜਾਮ ਕਰ ਦਿੱਤਾ ਸੀ। ਕਈ ਕਿਲੋਮੀਟਰ ਲੰਮੇ ਲੱਗੇ ਜਾਮ ਦੌਰਾਨ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਯੂਨੀਅਨ ਨੂੰ ਸ਼ਨੀਵਾਰ ਦੁਪਹਿਰ 12 ਵਜੇ ਤੱਕ ਲਿਸਟਾਂ ਜਾਰੀ ਕਰਨ ਦਾ ਭਰੋਸਾ ਦੇ ਕੇ ਜਾਮ ਖੁਲਵਾ ਦਿੱਤਾ ਸੀ ਪਰ ਸ਼ਨੀਵਾਰ ਨੂੰ ਵੀ 12 ਵਜੇ ਤੱਕ ਲਿਸਟਾਂ ਜਾਰੀ ਨਹੀਂ ਕੀਤੀਆਂ ਗਈਆਂ।
ਬੈਰੀਕੇਟ ਤੋੜ ਵਧੇ ਅੱਗੇ: ਇਸ ਤੋਂ ਗੁੱਸੇ ਵਿੱਚ ਆਏ ਈਟੀਟੀ 5994 ਉਮੀਦਵਾਰਾਂ ਨੇ ਦੁਪਹਿਰ 1 ਵਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਵੱਲ ਕੂਚ ਕਰ ਦਿੱਤਾ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਟ ਲਗਾ ਕੇ ਪਿੰਡ ਗੰਭੀਰਪੁਰ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਮੀਦਵਾਰ ਬੈਰੀਕੇਟ ਤੋੜਦਿਆਂ ਸਿੱਖਿਆ ਮੰਤਰੀ ਦੀ ਰਿਹਾਇਸ਼ ਤੱਕ ਪੁੱਜਣ ਵਿੱਚ ਕਾਮਯਾਬ ਹੋ ਗਏ ਅਤੇ ਮੰਤਰੀ ਦੇ ਦਰਵਾਜੇ ਮੂਹਰੇ ਬੈਠ ਕੇ ਪ੍ਰੋਵੀਜ਼ਨਲ ਲਿਸਟਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਵਾਅਦੇ ਨਹੀਂ ਕੀਤੇ ਪੂਰੇ: ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬਲਿਹਾਰ ਸਿੰਘ, ਬੰਟੀ ਕੰਬੋਜ, ਕੁਲਵਿੰਦਰ ਬਰੇਟਾ, ਡਾ. ਪਰਵਿੰਦਰ ਸਿੰਘ ਲਾਹੌਰੀਆ, ਹਰੀਸ਼ ਫਾਜਿਲਕਾ ਅਤੇ ਪ੍ਰਗਟ ਬੋਹਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਨਿਰਾ ਝੂਠ ਦਾ ਪੁਲੰਦਾ ਹਨ। ਉਹਨਾਂ ਕਿਹਾ ਕਿ ਮੰਤਰੀ ਆਪਣੇ ਹੀ ਜੁਬਾਨ 'ਤੇ ਖਰੇ ਨਹੀਂ ਉਤਰ ਰਹੇ। 28 ਅਗਸਤ ਦੀ ਮੀਟਿੰਗ ਦੌਰਾਨ ਮੰਤਰੀ ਨੇ 30 ਅਗਸਤ ਨੂੰ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ, ਉਸ ਤੋਂ ਬਾਅਦ 31 ਅਗਸਤ ਨੂੰ ਦੁਪਹਿਰ 12 ਵਜੇ ਤੱਕ ਲਿਸਟਾਂ ਪਾਉਣ ਦਾ ਭਰੋਸਾ ਦਿੱਤਾ ਪਰ ਉਹ ਭਰੋਸਾ ਵੀ ਪੂਰਾ ਨਾ ਹੋਇਆ। ਉਹਨਾਂ ਕਿਹਾ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਆਖਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਚਾਹੁੰਦੇ ਕੀ ਹਨ।
ਮਾਨਸਿਕ ਪ੍ਰੇਸ਼ਨ ਹੋ ਚੁੱਕੇ ਉਮੀਦਵਾਰ: ਉਹਨਾਂ ਕਿਹਾ ਕਿ ਇਸ ਅੱਤ ਦੀ ਪੈ ਰਹੀ ਗਰਮੀ ਕਾਰਨ ਜੇਕਰ ਕਿਸੇ ਉਮੀਦਵਾਰ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜਿੰਮੇਵਾਰ ਕੌਣ ਹੋਵੇਗਾ। ਇਸ ਤੋਂ ਪਹਿਲਾਂ ਵੀ ਪਿੰਡ ਗੰਭੀਰਪੁਰ ਵਿਖੇ ਧਰਨੇ 'ਤੇ ਬੈਠੀ ਇੱਕ ਮਹਿਲਾ ਪ੍ਰੋਫੈਸਰ ਵੱਲੋਂ ਭਾਖੜਾ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਜਿਸ ਨੇ ਸੁਸਾਈਡ ਨੋਟ ਵਿੱਚ ਵੀ ਸਿੱਖਿਆ ਮੰਤਰੀ ਦਾ ਜ਼ਿਕਰ ਕੀਤਾ ਸੀ। ਹੁਣ ਮੁੜ ਤੋਂ ਸਿੱਖਿਆ ਮੰਤਰੀ ਪੰਜਾਬ ਈਟੀਟੀ 5994 ਉਮੀਦਵਾਰਾਂ ਨੂੰ ਅਜਿਹਾ ਹੀ ਕੁਝ ਕਰਨ ਲਈ ਮਜਬੂਰ ਕਰ ਰਹੇ ਹਨ।
ਮੰਗਾਂ ਨਾ ਮੰਨਣ ਤੱਕ ਧਰਨਾ ਰਹੇਗਾ ਜਾਰੀ: ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਉਮੀਦਵਾਰ ਇੰਨੇ ਕੁ ਮਾਨਸਿਕ ਪਰੇਸ਼ਾਨ ਹੋ ਚੁੱਕੇ ਹਨ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨਾਂ ਇੱਕ ਵਾਰ ਫਿਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪ੍ਰਵੀਜ਼ਨਲ ਲਿਸਟਾਂ ਅਤੇ ਸਲੈਕਸ਼ਨ ਲਿਸਟਾਂ ਜਾਰੀ ਕਰਦਿਆਂ ਸਾਨੂੰ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਜੁਆਇਨ ਨਹੀ ਕਰਵਾਉਂਦੀ ਉਦੋਂ ਤੱਕ ਪਿੰਡ ਗੰਭੀਰਪੁਰ ਵਿਖੇ ਰੋਸ ਧਰਨਾ ਜਾਰੀ ਰਹੇਗਾ।
- ਪੰਜਾਬ ਸਰਕਾਰ ਦੇ ਸਿੱਖਿਆ ਪੱਧਰ ਨੂੰ ਉੱਚਾ ਚੱਕਣ ਦੇ ਦਾਅਵਿਆਂ ਦੀ ਨਿਕਲੀ ਫੂਕ, RTI ਰਾਹੀ ਹੋਏ ਵੱਡੇ ਖੁਲਾਸੇ - Punjab Higher Education
- "ਮੇਰਾ ਸਸਕਾਰ ਨਾ ਕਰੋ, ਮੈਂ ਜ਼ਿੰਦਾ ਹਾਂ, ਮਰਕੇ ਜ਼ਿੰਦਾ ਹੋਈ ਬੇਬੇ ਨੇ ਕਿਹਾ.... - woman came alive after death
- ਪ੍ਰੇਮਿਕਾ ਦੇ ਪਿਤਾ ਨੂੰ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਪੰਜਾਬੀ ਗਾਇਕ ਦਾ ਭਤੀਜਾ ਕਾਬੂ - Ludhiana murder case update