ਅੰਮ੍ਰਿਤਸਰ: ਐੱਨਐੱਸਏ (NSA) ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਕਿਉਂਕਿ ਜਿੱਥੇ ਪਹਿਲੇ ਹੀ ਐੱਨਐੱਸਏ ਦੇ ਤਹਿਤ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਹੁਣ ਬੀਤੇ ਅਕਤੂਬਰ 2024 ਦੌਰਾਨ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਕਾਂਡ ਦੇ ਵਿੱਚ ਕੁਝ ਸਮਾਂ ਪਹਿਲਾਂ ਬਤੌਰ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਇਸ ਕਤਲ ਕਾਂਡ ਦੀ ਜਾਂਚ ਕਰ ਰਹੀ ਸਿੱਟ ਟੀਮ ਦੇ ਵੱਲੋਂ ਸਾਂਸਦ ਅੰਮ੍ਰਿਤ ਪਾਲ ਸਿੰਘ ਦੇ ਉੱਤੇ ਯੂਏਪੀਏ (UAPA) ਲਗਾ ਦਿੱਤਾ ਗਿਆ ਹੈ।
ਘਬਰਾਈ ਸਰਕਾਰ ਨੇ ਕੀਤੀ ਧੱਕੇਸ਼ਾਹੀ
ਐੱਮਪੀ ਅੰਮ੍ਰਿਤਪਾਲ ਸਿੰਘ ਦੇ ਉੱਤੇ ਯੂਏਪੀਏ ਲਗਾਏ ਜਾਣ ਤੋਂ ਬਾਅਦ ਉਹਨਾਂ ਦੇ ਪਿਤਾ ਤਰਸੇਮ ਸਿੰਘ ਨੇ ਆਪਣਾ ਪਹਿਲਾ ਰਿਐਕਸ਼ਨ ਦਿੰਦਿਆਂ ਕਿਹਾ ਕਿ ਇਹ ਸਰਕਾਰ ਦੀ ਧੱਕੇਸ਼ਾਹੀ ਹੈ। ਜਦੋਂ ਤੋਂ ਉਹਨਾਂ ਨੇ ਨਵੀਂ ਖੇਤਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਉਦੋਂ ਤੋਂ ਹੀ ਅਜਿਹਾ ਕੁਝ ਵਾਪਰ ਰਿਹਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਦੇ ਮਿਲ ਰਹੇ ਸਮਰਥਨ ਨੂੰ ਦੇਖ ਕੇ ਸਰਕਾਰ ਬੌਖਲਾਹਟ ਦੇ ਵਿੱਚ ਹੈ ਅਤੇ ਸਾਨੂੰ ਪਹਿਲਾਂ ਤੋਂ ਹੀ ਇਹ ਸ਼ੱਕ ਸੀ ਕਿ ਸਰਕਾਰ ਵੱਲੋਂ ਅਜਿਹੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਸਕਦੀਆਂ ਹਨ ਅਤੇ ਉਹੀ ਕੁਝ ਕਰ ਸਕਦੇ ਹਨ।
‘ਸਰਕਾਰ ਦੀ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ’
ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਉਹਨਾਂ ਉੱਤੇ ਅਜਿਹੇ ਹੋਰ ਹਮਲੇ ਵੀ ਕੀਤੇ ਜਾ ਸਕਦੇ ਹਨ, ਜਿਸ ਦੀ ਉਹਨਾਂ ਨੂੰ ਸ਼ੰਕਾ ਹੈ ਅਤੇ ਉਹ ਅਜਿਹੀ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ ਹਨ ਕਿਉਂਕਿ ਲੋਕ ਉਹਨਾਂ ਦੇ ਨਾਲ ਹਨ ਅਤੇ ਲੋਕਾਂ ਦੇ ਸਮਰਥਨ ਦੇ ਨਾਲ ਉਹ ਆਪਣਾ ਕੰਮ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਫਿਲਹਾਲ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ, ਪਰ ਹੁਣ ਉਹ ਆਪਣੀ ਲੀਗਲ ਟੀਮ ਦੇ ਨਾਲ ਵੀ ਜਲਦ ਰਾਬਤਾ ਕਰਨਗੇ।
ਸੰਸਦ ਮੈਂਬਰ ਅੰਮ੍ਰਿਤਪਾਲ ਉੱਤੇ ਲਾਇਆ UAPA
ਜ਼ਿਲ੍ਹਾ ਫਰੀਦਕੋਟ ਦੇ ਪਿੰਡ ਹਰੀਨੋ ਵਿੱਚ ਪਿਛਲੇ ਸਾਲ ਸਰਪੰਚੀ ਚੋਣਾਂ ਦੇ ਪ੍ਰਚਾਰ ਦੌਰਾਨ ਕਤਲ ਕੀਤੇ ਗਏ ਨੌਜਵਾਨ ਗੁਰਪ੍ਰੀਤ ਹਰੀਨੋ ਦੇ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਫਰੀਦਕੋਟ ਪੁਲਿਸ ਨੇ ਮਾਮਲੇ ਵਿੱਚ ਮੁੱਖ ਮੁਲਜ਼ਮਾਂ ਵਜੋਂ ਨਾਮਜ਼ਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਵਿਦੇਸ਼ ਅਧਾਰਿਤ ਅੱਤਵਾਦੀ ਅਰਸ਼ ਡੱਲਾ ਦੇ ਖ਼ਿਲਾਫ਼ UAPA ਦੀ ਧਾਰਾ ਜੋੜੀ ਹੈ। ਗੁਰਪ੍ਰੀਤ ਹਰੀਨੋ ਦਾ ਪਿਛਲੇ ਸਾਲ 9 ਅਕਤੂਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਗੁਰਪ੍ਰੀਤ ਸਿੰਘ ਸਰਪੰਚੀ ਦੇ ਅਹੁਦੇ ਲਈ ਇੱਕ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਕੇ ਘਰ ਪਰਤ ਰਿਹਾ ਸੀ ਤਾਂ ਬਾਈਕ ਸਵਾਰ ਸ਼ੂਟਰਾਂ ਨੇ ਗੋਲੀਆਂ ਦਾਗ ਕੇ ਗੁਰਪ੍ਰੀਤ ਸਿੰਘ ਹਰੀਨੋ ਦਾ ਕਤਲ ਕਰ ਦਿੱਤਾ ਸੀ। ਇਸ ਫਾਇਰਿੰਗ ਵਿੱਚ ਗੁਰਪ੍ਰੀਤ ਸਿੰਘ ਨੂੰ ਚਾਰ ਗੋਲੀਆਂ ਲੱਗੀਆਂ ਸਨ ਅਤੇ ਗੋਲੀਆਂ ਮਾਰਨ ਤੋਂ ਬਾਅਦ ਸ਼ੂਟਰ ਮੌਕੇ ਤੋਂ ਫ਼ਰਾਰ ਹੋ ਗਏ ਸਨ। ਮਾਮਲੇ ਵਿੱਚ ਪੁਲਿਸ ਵੱਲੋਂ ਐੱਸਆਈਟੀ ਦਾ ਗਠਨ ਵੀ ਕੀਤਾ ਗਿਆ ਹੈ।