ਲੁਧਿਆਣਾ: ਜ਼ਿਲ੍ਹੇ ਦੇ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ 'ਤੇ ਦੋ ਗੱਡੀਆਂ ਆਪਸ 'ਚ ਟਕਰਾ ਗਈਆਂ, ਜਿਸ ਦੇ ਚੱਲਦਿਆਂ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਲਾਂਕਿ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀ ਵਿਅਕਤੀ ਨੂੰ ਪਰਿਵਾਰ ਦੀ ਮਦਦ ਦੇ ਨਾਲ ਸਿਵਲ ਹਸਪਤਾਲ ਪਹੁੰਚਾਇਆ ਹੈ। ਉਧਰ ਪਰਿਵਾਰਕ ਮੈਂਬਰਾਂ ਨੇ ਸਵਾਲ ਚੁੱਕੇ ਨੇ ਕਿ ਉਕਤ ਗੱਡੀ ਚਾਲਕ ਨੂੰ ਪੁਲਿਸ ਨੇ ਮੌਕੇ ਤੋਂ ਭਜਾ ਦਿੱਤਾ ਅਤੇ ਇਸੇ ਵਿਚਾਲੇ ਉਹਨਾਂ ਦਾ ਭਰਾ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ।
ਗੱਡੀ ਨੂੰ ਟੱਕਰ ਮਾਰ ਕੇ ਦੂਜੀ ਧਿਰ ਫਰਾਰ
ਉਧਰ ਜ਼ਖਮੀ ਵਿਅਕਤੀ ਦੇ ਭਰਾ ਰਿਸ਼ੀ ਨੇ ਦੱਸਿਆ ਕਿ ਉਸ ਦਾ ਭਰਾ ਜਲੰਧਰ ਤੋਂ ਲੁਧਿਆਣਾ ਆ ਰਿਹਾ ਸੀ ਅਤੇ ਉਹਨਾਂ ਦਾ ਮੈਡੀਕਲ ਇਕਿਊਮੈਂਟਸ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਲਾਡੋਵਾਲ ਟੋਲ ਪਲਾਜਾ ਨੂੰ ਕ੍ਰੋਸ ਕਰ ਉਹ ਲੁਧਿਆਣਾ ਵੱਲ ਨੂੰ ਆਉਂਦਾ ਹੈ ਤਾਂ ਐਲਡੀਕੋ ਇਸਟੇਟ ਨੇੜੇ ਉਹਨਾਂ ਦੀ ਬਰੀਜਾ ਕਾਰ ਜਿਸ ਦੇ ਵਿੱਚ ਉਹਨਾਂ ਦਾ ਭਰਾ ਤੇ ਦੋਸਤ ਆ ਰਹੇ ਸੀ, ਉਹ ਦੂਸਰੀ ਕਾਰ ਦੇ ਨਾਲ ਟਕਰਾ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸੇ ਵਿਚਾਲੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਉਹਨਾਂ ਨੂੰ ਫੋਨ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚਦੇ ਹਨ।
ਪੁਲਿਸ 'ਤੇ ਪੀੜਤ ਨੇ ਲਗਾਏ ਇਲਜ਼ਾਮ
ਪੀੜਤ ਦੇ ਭਰਾ ਨੇ ਕਿਹਾ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਉਹਨਾਂ ਦੀ ਗੱਡੀ ਸਾਰੀ ਡੈਮੇਜ ਹੋ ਚੁੱਕੀ ਹੈ ਅਤੇ ਜਿਨਾਂ ਵੱਲੋਂ ਇਸ ਗੱਡੀ ਦੇ ਨਾਲ ਐਕਸੀਡੈਂਟ ਕੀਤਾ ਗਿਆ ਉਹ ਮੌਕੇ ਤੋਂ ਫਰਾਰ ਹੋ ਚੁੱਕੇ ਹਨ। ਇਸ ਦੌਰਾਨ ਉਹਨਾਂ ਪੁਲਿਸ 'ਤੇ ਇਹ ਵੀ ਸਵਾਲ ਚੁੱਕੇ ਨੇ ਕਿ ਪੁਲਿਸ ਨੇ ਉਹਨਾਂ ਨੂੰ ਫੜਨ ਦੀ ਬਜਾਏ ਦੂਜੀ ਗੱਡੀਆਂ ਵਾਲਿਆਂ ਨੂੰ ਮੌਕੇ ਤੋਂ ਭਜਾ ਦਿੱਤਾ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਨੂੰ ਫੋਨ ਕਾਲ ਦੇ ਉੱਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ। ਪੀੜਤ ਨੇ ਕਿਹਾ ਕਿ ਉਹਨਾਂ ਦੇ ਭਰਾ ਦੀ ਹਾਲਤ ਕਾਫੀ ਗੰਭੀਰ ਹੈ ਅਤੇ ਉਸ ਨੂੰ ਕਿਸੇ ਹੋਰ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ।