ਲੁਧਿਆਣਾ: ਲੁਧਿਆਣਾ ਦੇ ਜ਼ਿਲ੍ਹਾ ਕਚਹਿਰੀ ਦੇ ਵਿੱਚ ਅੱਜ ਦੁਪਹਿਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਕੋਟ ਮੈਰਿਜ ਕਰਵਾਉਣ ਲਈ ਆਏ ਇੱਕ ਜੋੜੇ ਦੇ ਪਰਿਵਾਰਿਕ ਮੈਂਬਰਾਂ ਨੇ ਆ ਕੇ ਹੰਗਾਮਾ ਕਰ ਦਿੱਤਾ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਲੜਕੀ ਪਹਿਲਾਂ ਹੀ ਵਿਆਹੀ ਹੋਈ ਹੈ ਅਤੇ ਉਹ ਦੂਜਾ ਵਿਆਹ ਕਿਵੇਂ ਕਰ ਸਕਦੀ ਹੈ ਅਤੇ ਜੋ ਲੜਕਾ ਹੈ ਉਹ ਮੁਸਲਿਮ ਵੀ ਨਹੀਂ ਹੈ। ਜਾਣਕਾਰੀ ਅਨੁਸਾਰ ਲੜਕੀ ਦਾ ਪਰਿਵਾਰ ਕੂਮ ਕਲਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ।
ਲੜਕੀ ਦੇ ਪਰਿਵਾਰ ਦਾ ਇਲਜ਼ਾਮ ਪੁਲਿਸ ਲੜਕੇ ਦਾ ਸਾਥ ਦੇ ਰਹੀ ਹੈ
ਇਸ ਦੌਰਾਨ ਪਰਿਵਾਰ ਵੱਲੋਂ ਕਾਫੀ ਹੰਗਾਮਾ ਵੀ ਕੀਤਾ ਗਿਆ ਅਤੇ ਕੋਰਟ ਕੰਪਲੈਕਸ ਦੇ ਵਿੱਚ ਲੜਕੀ ਦੇ ਪਰਿਵਾਰ ਨੇ ਪ੍ਰਦਰਸ਼ਨ ਕੀਤਾ ਅਤੇ ਲੜਕੇ ਦੇ ਪਰਿਵਾਰ 'ਤੇ ਇਲਜ਼ਾਮ ਵੀ ਲਾਏ। ਇਸ ਦੌਰਾਨ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਪੁਲਿਸ ਲੜਕੇ ਦਾ ਸਾਥ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀ ਪਹਿਲਾਂ ਹੀ ਵਿਆਹੀ ਹੋਈ ਹੈ। ਉਹਨਾਂ ਦੋਸ਼ ਲਗਾਇਆ ਕਿ ਲੜਕੇ ਉਹਨਾਂ ਦੀ ਲੜਕੀ ਨੂੰ ਵਰਗਲਾ ਕੇ ਉਸ ਨਾਲ ਵਿਆਹ ਕਰਨ ਲਈ ਕੋਰਟ ਆਏ ਹਨ। ਇਸ ਦੌਰਾਨ ਪੁਲਿਸ ਪਰਿਵਾਰ ਨੂੰ ਸਮਝਾਉਂਦੀ ਹੋਈ ਵਿਖਾਈ ਦਿੱਤੀ। ਵਕੀਲ ਨੇ ਕਿਹਾ ਕਿ ਅਦਾਲਤ ਵੱਲੋਂ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਸਨ, ਜਿਸ ਕਰਕੇ ਪੁਲਿਸ ਨੇ ਆਪਣੀ ਡਿਊਟੀ ਨਿਭਾਈ ਹੈ।
ਪੁਲਿਸ ਜਾਂਚ ਕਰ ਰਹੀ ਹੈ
ਉਧਰ ਮੌਕੇ 'ਤੇ ਪੁੱਜੇ ਏਸੀਪੀ ਜਤਿਨ ਬਾਂਸਲ ਨੇ ਦੱਸਿਆ ਕਿ ਲੜਕਾ ਲੜਕੀ ਕੋਰਟ ਮੈਰਿਜ ਕਰਨ ਲਈ ਕੋਰਟ ਆਏ ਸਨ ਜਾਂ ਫਿਰ ਸੁਰੱਖਿਆ ਲੈਣ ਲਈ ਆਏ ਸਨ, ਇਸ ਬਾਰੇ ਤਾਂ ਜਾਣਕਾਰੀ ਨਹੀਂ ਪਰ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਅਸੀਂ ਕਾਨੂੰਨ ਵਿਵਸਥਾ ਨੂੰ ਕਿਸੇ ਵੀ ਸੂਰਤ ਦੇ ਵਿੱਚ ਖ਼ਰਾਬ ਨਹੀਂ ਹੋਣ ਦੇਵਾਂਗੇ। ਉਹਨਾਂ ਕਿਹਾ ਕਿ ਕੋਰਟ ਕੰਪਲੈਕਸ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਹਨ, ਜੋ ਵੀ ਅੱਗੇ ਦੀ ਕਾਨੂੰਨੀ ਕਾਰਵਾਈ ਹੋਵੇਗੀ ਅਮਲ ਦੇ ਵਿੱਚ ਹੀ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਲੜਕੀ ਵਾਲਿਆਂ ਨੇ ਇਹ ਜਰੂਰ ਕਿਹਾ ਹੈ ਕਿ ਉਹਨਾਂ ਦੀ ਲੜਕੀ ਦਾ ਪਹਿਲਾ ਹੀ ਵਿਆਹ ਹੋਇਆ ਹੈ ਪਰ ਇਸ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ।