ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਅਜਨਾਲਾ ਥਾਣੇ ਦੇ ਬਾਹਰ ਆਈ.ਈ.ਡੀ ਲਗਾਉਣ ਵਾਲੇ ਦੋ ਮੁਲਜ਼ਮਾਂ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੇਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਦੋਸ਼ੀਆਂ 'ਚੋ ਇੱਕ ਦਾ ਨਾਮ ਜਸ਼ਨਦੀਪ ਸਿੰਘ ਅਤੇ ਦੂਜਾ ਮੁਲਜ਼ਮ ਨਾਬਾਲਗ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਦੋ ਹੈਂਡ ਗਰਨੇਡ, ਇੱਕ ਤੁਰਕੀ ਦਾ ਬਣਿਆ ਪਿਸਤੌਲ, ਮੈਗਜ਼ੀਨ ਅਤੇ ਛੇ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਜਸ਼ਨਦੀਪ ਸਿੰਘ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਹੈਪੀ ਪਸ਼ੀਆਣਾ ਦੇ ਸੰਪਰਕ ਵਿੱਚ ਸੀ।
ਇਨ੍ਹਾਂ ਦੋਨਾਂ ਮੁਲਜ਼ਮਾਂ ਨੂੰ ਪੁਲਿਸ ਨੇ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੇ ਇਨ੍ਹਾਂ ਨੂੰ 5 ਦਿਨਾਂ ਦਾ ਰਿਮਾਂਡ ਮਿਲ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਰਿਮਾਂਡ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਹਨ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਲਈ ਦੱਸ ਦੇਈਏ ਕਿ ਦੋਵੇਂ ਮੁਲਜ਼ਮਾਂ ਨੇ ਹੈਪੀ ਦੇ ਕਹਿਣ 'ਤੇ 23 ਨਵੰਬਰ ਦੀ ਰਾਤ ਨੂੰ ਥਾਣੇ ਦੇ ਬਾਹਰ ਆਈ.ਈ.ਡੀ ਲਗਾਇਆ ਸੀ ਪਰ ਆਈ.ਈ.ਡੀ 'ਚ ਕੋਈ ਤਕਨੀਕੀ ਖਰਾਬੀ ਹੋਣ ਕਰਕੇ ਥਾਣੇ ਨੂੰ ਉਡਾਉਣ ਦੀ ਯੋਜਨਾ ਸਫ਼ਲ ਨਹੀਂ ਹੋ ਸਕੀ ਅਤੇ ਦੋਵੇਂ ਮੁਲਜ਼ਮ ਮੌਕੇ 'ਤੇ ਫਰਾਰ ਹੋ ਗਏ ਸੀ। ਇਸ ਤੋਂ ਬਾਅਦ ਪੁਲਿਸ ਮੁਲਜ਼ਮਾਂ ਨੂੰ ਫੜਨ ਦੇ ਕੰਮ 'ਚ ਲੱਗ ਗਈ ਸੀ ਅਤੇ ਕੁਝ ਦਿਨਾਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ।
ਮੁਲਜ਼ਮਾਂ ਨੂੰ ਪਾਕਿਸਤਾਨ ਭੇਜਣ ਦੀ ਚੱਲ ਰਹੀ ਸੀ ਤਿਆਰੀ
ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ, ਜਿਸ 'ਚ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਦੋਨਾਂ ਮੁਲਜ਼ਮਾਂ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ 'ਚ ਸ਼ਾਮਲ ਕਰਵਾਉਣ ਦੀ ਯੋਜਨਾ ਸੀ। ਇਸ ਕਰਕੇ ਇਨ੍ਹਾਂ ਦੋਨਾਂ ਨੂੰ ਅੱਤਵਾਦੀ ਸਗੰਠਨ ਦੇ ਮੈਂਬਰ ਕਿਸੇ ਤਰ੍ਹਾਂ ਬਾਰਡਰ ਪਾਰ ਕਰਵਾ ਕੇ ਪਾਕਿਸਤਾਨ ਭੇਜਣ ਵਾਲੇ ਸੀ, ਤਾਂ ਕਿ ਉੱਥੇ ਇਨ੍ਹਾਂ ਨੂੰ ਹਥਿਆਰ ਚਲਾਉਣ ਸਮੇਤ ਕਈ ਚੀਜ਼ਾਂ ਦੀ ਟ੍ਰੇਨਿੰਗ ਦਿੱਤੀ ਜਾ ਸਕੇ ਅਤੇ ਉਹ ਪੰਜਾਬ ਸਮੇਤ ਕਈ ਥਾਵਾਂ 'ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਣ। ਮੁਲਜ਼ਮਾਂ ਦੇ ਪਾਕਿਸਤਾਨ ਪਹੁੰਚਣ ਤੋਂ ਪਹਿਲਾ ਹੀ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਸੀ ਅਤੇ ਅੱਜ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 5 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਰਿਮਾਂਡ ਦੌਰਾਨ ਪੁਲਿਸ ਹੁਣ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਅਤੇ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:-