ਸ੍ਰੀ ਮੁਕਤਸਰ ਸਾਹਿਬ: ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਤੇ ਭੁੱਲਾਂ ਨੂੰ ਲੈਕੇ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਲੀਡਰਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਜਿਸ ਦੇ ਚੱਲਦੇ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਆਗੂ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਪਹੁੰਚੇ ਹਨ, ਜਿੱਥੇ ਉਨ੍ਹਾਂ ਵਲੋਂ ਆਪਣੀ ਧਾਰਮਿਕ ਸਜ਼ਾ ਭੁਗਤਾਈ ਗਈ।
ਸੁਖਬੀਰ ਬਾਦਲ ਦੀ ਸਜ਼ਾ ਦਾ 9ਵਾਂ ਦਿਨ
ਇਸ ਦੌਰਾਨ ਸੁਖਬੀਰ ਬਾਦਲ ਨੇ ਸੇਵਾਦਾਰਾਂ ਵਾਲਾ ਚੌਲਾ ਪਾ ਕੇ ਅਤੇ ਹੱਥ 'ਚ ਬਰਛਾ ਫੜ ਕੇ ਚੋਬਦਾਰ ਵਜੋਂ ਸੇਵਾ ਨਿਭਾਈ ਹੈ, ਇਸ ਦੌਰਾਨ ਉਨ੍ਹਾਂ ਦੇ ਗਲ 'ਚ ਤਖ਼ਤੀ ਪਾਈ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਭਾਂਡੇ ਮਾਂਜਣ ਦੀ ਸੇਵਾ ਵੀ ਕੀਤੀ ਗਈ ਤੇ ਨਾਲ ਹੀ ਕੀਰਤਨ ਸਰਵਣ ਕਰਨ ਦੀ ਸਜ਼ਾ ਵੀ ਪੂਰੀ ਕੀਤੀ। ਉਸ ਤੋਂ ਬਾਅਦ ਬਰਤਨਾਂ ਦੀ ਸੇਵਾ ਵੀ ਨਿਭਾਈ। ਉਨ੍ਹਾਂ ਦੇ ਨਾਲ ਅਕਾਲੀ ਦਲ ਆਗੂ ਦਲਜੀਤ ਚੀਮਾ ਵੀ ਦਿਖਾਈ ਦਿੱਤੇ।
ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਇਸ ਦੌਰਾਨ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਚੱਲਦੇ ਪੁਲਿਸ ਵਲੋਂ ਜਿਥੇ ਚੱਪੇ-ਚੱਪੇ 'ਤੇ ਪੁਲਿਸ ਤੈਨਾਤ ਕੀਤੀ ਗਈ ਹੈ, ਤਾਂ ਉਥੇ ਹੀ ਚੈਕਿੰਗ ਕਰਨ ਤੋਂ ਬਾਅਦ ਹੀ ਸਾਰਿਆਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਸਜ਼ਾ
ਗੌਰਤਲਬ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਸਜ਼ਾ ਤੋਂ ਬਾਅਦ ਸੁਖਬੀਰ ਬਾਦਲ ਵਲੋਂ ਦੋ ਦਿਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਦੋ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਦੋ ਦਿਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਵਿਖੇ ਸੇਵਾ ਨਿਭਾਈ ਗਈ ਹੈ। ਜਿਸ ਦੇ ਚੱਲਦੇ ਅੱਜ ਉਨ੍ਹਾਂ ਦੀ ਸਜ਼ਾ ਦਾ ਨੌਵਾਂ ਦਿਨ ਹੈ, ਜਿਸ ਦੇ ਚੱਲਦੇ ਉਹ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਸੇਵਾ ਨਿਭਾ ਰਹੇ ਹਨ।
ਸਜ਼ਾ ਭੁਗਤਣ ਦੌਰਾਨ ਸੁਖਬੀਰ ਬਾਦਲ 'ਤੇ ਹਮਲਾ
ਕਾਬਿਲੇਗੌਰ ਕਿ ਸਜ਼ਾ ਭੁਗਤਣ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਸੁਰੱਖਿਆ 'ਚ ਵਾਧਾ ਕੀਤਾ ਗਿਆ ਹੈ। ਜਿੱਥੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਸਖ਼ਤ ਪਹਿਰਾ ਰੱਖਿਆ ਜਾਂਦਾ ਹੈ, ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਸੁਖਬੀਰ ਬਾਦਲ ਦੀ ਪਹਿਰੇਦਾਰੀ ਕੀਤੀ ਜਾ ਰਹੀ ਹੈ। ਇਸ ਤਹਿਤ ਮੀਡੀਆ ਨੂੰ ਵੀ ਦੂਰ ਤੋਂ ਕਵਰੇਜ ਕਰਨ ਦੀ ਆਗਿਆ ਹੈ। ਦੱਸ ਦਈਏ ਕਿ ਸਾਬਕਾ ਖਾੜਕੂ ਨਰਾਇਣ ਚੌਰਾ ਵੱਲੋਂ ਸੁਖਬੀਰ ਬਾਦਲ ‘ਤੇ ਗੋਲੀ ਚਲਾਈ ਗਈ ਸੀ, ਜਿਸ ਤੋਂ ਬਾਅਦ ਬਾਦਲ ਦੀ ਸੁੱਰਖਿਆ ਨੂੰ ਲੈਕੇ ਲਗਾਤਾਰ ਸਵਾਲ ਵੀ ਖੜ੍ਹੇ ਹੋਏ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਸਬੰਧੀ ਦਰਜ ਐਫਆਈਆਰ 'ਤੇ ਵੀ ਸਵਾਲ ਚੁੱਕੇ ਹਨ।