ਰੂਪਨਗਰ/ਤਖ਼ਤ ਸ੍ਰੀ ਕੇਸਗੜ੍ਹ ਸਾਹਿਬ : ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਗੁਰੂ ਸਾਹਿਬ ਦੇ ਸਵਾਂਗ ਰਚਣ ਮਾਮਲੇ 'ਚ ਮੁਆਫ਼ੀ ਦੇਣ ਸਮੇਤ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਈ ਮਾਮਲਿਆਂ ਵਿੱਚ ਸੇਵਾ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ। ਜਿਸ ਤਹਿਤ ਅੱਜ ਸੁਖਬੀਰ ਬਾਦਲ ਵੱਲੋਂ ਤੀਜੇ ਦਿਨ ਦੀ ਸੇਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਭਾਈ ਜਾ ਰਹੀ ਹੈ। ਬਾਦਲ ਇੱਥੇ ਸਖ਼ਤ ਸੁਰੱਖਿਆ ਪਹਿਰੇ ਵਿੱਚ ਸੇਵਾ ਨਿਭਾਉਣ ਪਹੁੰਚੇ। ਸੁਖਬੀਰ ਬਾਦਲ ਨੇ ਸੇਵਾਦਾਰਾਂ ਵਾਲਾ ਨੀਲਾ ਚੋਲਾ ਅਤੇ ਗੱਲ ਵਿੱਚ ਤਖ਼ਤੀ ਪਾਈ ਹੋਈ ਹੈ।
ਪਰਿਵਾਰ ਨੇ ਵੀ ਸੁਖਬੀਰ ਬਾਦਲ ਨਾਲ ਮਾਂਜੇ ਭਾਂਡੇ
ਸੁਖਬੀਰ ਸਿੰਘ ਬਾਦਲ ਵੱਲੋਂ ਸਵੇਰੇ ਇੱਕ ਘੰਟੇ ਤੱਕ ਸੇਵਾਦਾਰ ਵਜੋਂ ਸੇਵਾ ਭਾਂਡੇ ਮਾਂਜਣ ਦੀ ਸੇਵਾ ਨਿਭਾਈ ਗਈ। ਇਸ ਦੌਰਾਨ ਜਿੱਥੇ ਉਹਨਾਂ ਦੇ ਨਾਲ ਅਕਾਲੀ ਦਲ ਦੇ ਤਨਖਾਹੀਏ ਆਗੂ ਸ਼ਾਮਿਲ ਸਨ ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਭਾਂਡੇ ਮਾਂਜਦੇ ਹੋਏ ਨਜ਼ਰ ਆਏ। ਖ਼ਾਸ ਕਰਕੇ ਸੁਖਬੀਰ ਬਾਦਲ ਦੀਆਂ ਦੋਵੇਂ ਧੀਆਂ ਅਤੇ ਪੁੱਤਰ ਅਨੰਤਵੀਰ ਸਿੰਘ ਅਤੇ ਨਾਲ ਹੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਤਖਤ ਸ੍ਰੀ ਕੇਸਗੜ੍ਹ ਵਿਖੇ ਸੇਵਾ ਕਰਦੇ ਹੋਏ ਨਜ਼ਰ ਆਏ।
ਹਮਲੇ ਤੋਂ ਬਾਅਦ ਵਧਾਈ ਸੁੱਰਖਿਆ
ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੇਵਾ ਨਿਭਾਉਂਣ ਵੇਲੇ ਜਾਨਲੇਵਾ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ। ਖਾਲਿਸਤਾਨੀ ਸਮਰਥਕ ਨਰਾਇਣ ਸਿੰਘ ਚੌਰਾ ਵੱਲੋਂ ਸੁਖਬੀਰ ਬਾਦਲ ਉੱਤੇ ਗੋਲੀ ਚਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੇਵਾ ਕਰਨ ਲਈ ਪੰਹੁਚੇ ਹਨ, ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਦਲ ਦੇ ਲੀਡਰ ਪੰਹੁਚੇ ਹੋਏ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਸਾਦੀ ਵਰਦੀ ਵਿੱਚ ਪੁਲਿਸ ਲਗਾਈ ਗਈ ਹੈ।
ਬਿਕਰਮ ਮਜੀਠੀਆ ਸਣੇ ਹੋਰ ਆਗੂ ਪਹੂੰਚੇ
ਸੁਖਬੀਰ ਬਾਦਲ ਤੋਂ ਇਲਾਵਾ ਹੋਰ ਸਿਆਸੀ ਆਗੂ ਵੀ ਤਖਤ ਸ੍ਰੀ ਕੇਸਗੜ੍ਹ ਵਿਖੇ ਸੇਵਾ ਕਰਨ ਪਹੁੰਚੇ ਹਨ ਜਿਨ੍ਹਾਂ ਵਿੱਚ ਬਿਕਰਮ ਮਜੀਠੀਆ, ਸੁੱਚਾ ਸਿੰਘ ਲੰਗਾਹ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਅਤੇ ਹੋਰ ਵੀ ਤਨਖਾਹੀਏ ਸਜ਼ਾ ਭੁਗਤਾਉਣ ਪਹੁੰਚੇ ਹਨ। ਇਸ ਮੌਕੇ ਸੁਖਬੀਰ ਬਾਦਲ ਦੇ ਧਰਮ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ।
ਪਹਿਲੇ ਦਿਨ ਸੁਖਬੀਰ ਬਾਦਲ ਸਣੇ ਹੋਰ ਆਗੂਆਂ ਨੇ ਭੁਗਤਾਈ ਸਜ਼ਾ, ਦੇਖੋ ਤਸਵੀਰਾਂ
ਜੇਕਰ ਸਿਕਿਓਰਟੀ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਆਸੇ ਪਾਸੇ ਪੁਲਿਸ ਵੱਲੋਂ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੱਲ ਜੋ ਦਰਬਾਰ ਸਾਹਿਬ ਵਿਖੇ ਘਟਨਾ ਵਾਪਰੀ ਉਸ ਪ੍ਰਕਾਰ ਦੀਆਂ ਘਟਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਾ ਵਾਪਰੇ ।
ਵੱਡੀ ਸਾਜਿਸ਼ ਦਾ ਸ਼ਿਕਾਰ ਹੋਣ ਤੋਂ ਬਚੇ ਸੁਖਬੀਰ ਬਾਦਲ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹੀਏ ਆਗੂ ਸੇਵਾ ਨਿਭਾਉਣ ਪਹੁੰਚੇ, ਉੱਥੇ ਹੀ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਆਗੂ ਐਨ ਕੇ ਸ਼ਰਮਾ ਵੀ ਗੁਰੂ ਘਰ ਪਹੁੰਚੇ। ਇਸ ਮੌਕੇ ਉਹਨਾਂ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਗੁਰੂ ਸਾਹਿਬ ਨੇ ਆਪ ਅੱਗੇ ਹੋ ਕੇ ਉਹਨਾਂ ਦੀ ਰੱਖਿਆ ਕੀਤੀ ਹੈ। ਨਾਲ ਹੀ ਉਹਨਾਂ ਨੇ ਹਮਲੇ ਪਿੱਛੇ ਦੀ ਸਾਜਿਸ਼ 'ਤੇ ਆਪ ਸਰਕਾਰ ਨੂੰ ਵੀ ਘੇਰਿਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੁਰੱਖਿਆ ਮੁਲਾਜ਼ਮ ਵੱਲੋਂ ਬਚਾਅ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਪੁਲਿਸ ਨਦਾਰਦ ਕਿਉਂ ਸੀ। ਇਹ ਤੱਥ ਸਾਫ ਜ਼ਾਹਿਰ ਕਰਦੇ ਹਨ ਕਿ ਸੁਖਬੀਰ ਬਾਦਲ ਵੱਡੀ ਸਾਜਿਸ਼ ਦਾ ਸ਼ਿਕਾਰ ਹੁੰਦੇ ਹੋਏ ਬਚੇ ਹਨ।