ਬਰਨਾਲਾ: ਇਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਸੂਬੇ ਦੇ ਅਧਿਆਪਕਾਂ ਉੱਪਰ ਸਰਕਾਰੀ ਸਕੂਲਾਂ ਦੇ ਦਾਖਲੇ ਵਧਾਉਣ ਲਈ ਦਬਾਅ ਬਣਾ ਰਿਹਾ ਹੈ, ਜਦਕਿ ਦੂਜੇ ਪਾਸੇ ਸਥਿਤੀ ਇਹ ਹੈ ਕਿ ਅਜੇ ਤੱਕ ਗਿਆਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਨਾਲ ਸਬੰਧਤ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਮਿਲੀਆਂ ਹਨ। ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰ੍ਹਵੀਂ ਜਮਾਤ ਦੇ ਸਾਰੇ ਗਰੁੱਪਾਂ ਨੂੰ ਕਿਤਾਬਾਂ ਮੁਫ਼ਤ ਭੇਜੀਆਂ ਜਾਣੀਆਂ ਸਨ ਪਰ ਅੱਜ ਤੋਂ 10 ਜੁਲਾਈ ਤੋਂ ਵਿਦਿਆਰਥੀਆਂ ਦੇ ਮਾਸਿਕ ਟੈਸਟ ਸ਼ੁਰੂ ਹੋ ਰਹੇ ਹਨ ਲੇਕਿਨ ਅਜੇ ਤੱਕ ਬਰਨਾਲਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਸਕੂਲ ਦੇ ਕਾਮਰਸ ਗਰੁੱਪ ਨਾਲ ਸਬੰਧਤ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਮਿਲੀਆਂ ਹਨ। ਕਿਤਾਬਾਂ ਨਾ ਹੋਣ ਕਾਰਨ ਅੱਜ ਦੇ ਮਾਸਿਕ ਟੈਸਟ ਨੂੰ ਲੈ ਕੇ ਵਿਦਿਆਰਥੀ ਕਾਫੀ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਹਨ।
ਸਕੂਲ ਆਫ ਐਮੀਨੈਂਸ 'ਚੀ ਨਹੀਂ ਪੁੱਜੀਆਂ ਕਿਤਾਬਾਂ: ਬਰਨਾਲਾ ਜ਼ਿਲ੍ਹੇ ਦੇ 11 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅਪ੍ਰੈਲ ਮਹੀਨੇ ਤੋਂ ਕਾਮਰਸ ਗਰੁੱਪ ਦੀ ਪੜ੍ਹਾਈ ਚੱਲ ਰਹੀ ਹੈ। ਇਹਨਾਂ ਸਕੂਲਾਂ ਦੇ ਕਾਮਰਸ ਲੈਕਚਰਾਰਾਂ ਵੱਲੋਂ ਬਕਾਇਦਾ ਡਿਮਾਂਡ ਬਣਾ ਕੇ ਜ਼ਿਲ੍ਹਾ ਸਿੱਖਿਆ ਦਫਤਰ ਨੂੰ ਭੇਜੀ ਗਈ ਸੀ ਪਰ ਅਜੇ ਤੱਕ ਉਹਨਾਂ ਦੀ ਲਿਸਟ ਅਨੁਸਾਰ ਕਿਤਾਬਾਂ ਨਹੀਂ ਪਹੁੰਚੀਆਂ ਹਨ। ਹੈਰਾਨੀਜਨਕ ਇਹ ਹੈ ਕਿ ਇਹਨਾਂ ਸਕੂਲਾਂ ਵਿੱਚ ਤਿੰਨ ‘ਸਕੂਲ ਆਫ ਐਮੀਨੈਂਸ’ ਵੀ ਹਨ, ਜਿੰਨ੍ਹਾਂ ਸਕੂਲਾਂ ਨੂੰ ਸੂਬਾ ਸਰਕਾਰ ਵੱਲੋਂ ਮਾਡਲ ਸਕੂਲਾਂ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ‘ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਵੀ ਕਰੀਬ ਤਿੰਨ ਮਹੀਨੇ ਕਿਤਾਬਾਂ ਨਾ ਮਿਲਣਾ ਸਰਕਾਰ ਦੇ ਸਿੱਖਿਆ ਸਬੰਧੀ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ।
ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ: ਇਸ ਸਬੰਧੀ ਬੀਐਡ ਅਧਿਆਪਕ ਫਰੰਟ ਦੇ ਆਗੂ ਪਰਮਿੰਦਰ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਜਨਰਲ ਸਕੱਤਰ ਨਿਰਮਲ ਚੁਹਾਣਕੇ ਅਤੇ ਪ੍ਰੈੱਸ ਸਕੱਤਰ ਸੁਖਦੀਪ ਤਪਾ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਕਿਤਾਬਾਂ ਦੀ ਮੰਗ ਸਬੰਧੀ ਕਈ ਵਾਰ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਨਾਲ ਸੰਪਰਕ ਕੀਤਾ ਗਿਆ ਪਰ ਅਜੇ ਤੱਕ ਕੋਈ ਸਾਰਥਿਕ ਸਿੱਟਾ ਨਹੀਂ ਨਿੱਕਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਜਿਲ੍ਹਿਆਂ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਮਿਲ ਚੁੱਕੀਆਂ ਹਨ, ਪਰ ਬਰਨਾਲਾ ਜ਼ਿਲ੍ਹੇ ਵਿੱਚ ਕਿਤਾਬਾਂ ਨਾ ਪਹੁੰਚਣ ਕਾਰਨ ਕਰੀਬ ਤਿੰਨ ਮਹੀਨੇ ਤੋਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਵਿਦਿਆਰਥੀਆਂ ਦੀ ਪੜ੍ਹਾਈ ਦੀ ਬਜਾਏ ਚੋਣਾਂ ਜਿੱਤਣ ਵੱਲ ਧਿਆਨ ਹੈ।
ਦਫਤਰ ਨੂੰ ਭੇਜੀ ਸੀ ਕਿਤਾਬਾਂ ਦੀ ਲਿਸਟ: ਇਸ ਸਬੰਧੀ ਮਜ਼ਦੂਰ ਆਗੂ ਜਗਰਾਜ ਟੱਲੇਵਾਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਨਾ ਭੇਜ ਕੇ ਸਰਕਾਰ ਵਿਦਿਆਰਥੀਆਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਇੰਦੂ ਸਿੰਮਕ ਨੇ ਦੱਸਿਆ ਕਿ ਗਿਆਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਦੀ ਡੇਢ ਮਹੀਨਾ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਰਨਾਲਾ ਦਫਤਰ ਨੂੰ ਕਿਤਾਬਾਂ ਦੀ ਲਿਸਟ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਨੂੰ ਕਿਤਾਬਾਂ ਸੰਗਰੂਰ ਤੋਂ ਮਿਲਦੀਆਂ ਹਨ, ਇਸ ਲਈ ਬੋਰਡ ਦਫ਼ਤਰ ਬਰਨਾਲਾ ਨੇ ਲਿਸਟ ਸੰਗਰੂਰ ਭੇਜ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਸੰਗਰੂਰ ਦਫਤਰ ਕਿਤਾਬਾਂ ਨਹੀਂ ਸਨ ਪਰ ਅੱਜ ਹੀ ਸੰਗਰੂਰ ਦਫ਼ਤਰ ਤੋਂ ਸੁਨੇਹਾ ਮਿਲਿਆ ਹੈ ਕਿ ਅੱਜ ਸ਼ਾਮ ਜਾਂ ਭਲਕੇ ਸਵੇਰੇ ਸੰਗਰੂਰ ਤੋਂ ਕਿਤਾਬਾਂ ਲੈ ਜਾਓ। ਇਸ ਲਈ ਬਹੁਤ ਜਲਦ ਵਿਦਿਆਰਥੀਆਂ ਤੱਕ ਕਿਤਾਬਾਂ ਪਹੁੰਚਾ ਦੇਵਾਂਗੇ।
- ਟੋਲ ਪਲਾਜ਼ਾ 'ਤੇ VIP ਲਾਈਨ ਨੂੰ ਲੈਕੇ MLA ਤੇ ਟੋਲ ਅਧਿਕਾਰੀਆਂ 'ਚ ਹੰਗਾਮਾ, ਕਲੇਸ਼ ਦੌਰਾਨ ਲੋਕਾਂ ਨੂੰ ਲੱਗੀਆਂ ਮੌਜਾਂ - Dhilwan Toll Plaza
- ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਹਾਈ ਅਲਰਟ ਜਾਰੀ - Punjab Police high alert
- ਹਰੀਆਂ ਸਬਜ਼ੀਆਂ ਖਰੀਦਣਾ ਆਮ ਲੋਕਾਂ ਦੀ ਪਹੁੰਚ ਤੋਂ ਹੋਈਆਂ ਦੂਰ, ਅਸਮਾਨੀ ਚੜ੍ਹੇ ਭਾਅ - prices of vegetables skyrocketed