ਬਰਨਾਲਾ: ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਦੀ ਪੰਚਾਇਤ ਨੇ ਨਸ਼ੇ, ਚਾਇਨਾ ਡੋਰ ਅਤੇ ਚੋਰੀ ਨੂੰ ਲੈ ਕੇ ਸਖ਼ਤ ਫ਼ੈਸਲੇ ਲਏ ਹਨ। ਪਿੰਡ ਵਿੱਚ ਚਿੱਟਾ ਅਤੇ ਮੈਡੀਕਲ ਨਸ਼ਾ ਵੇਚਣ ਉਪਰ ਪਾਬੰਦੀ ਲਗਾਈ ਗਈ ਹੈ। ਪੰਚਾਇਤ ਵਲੋਂ ਸਖ਼ਤ ਕਾਰਵਾਈ ਦੀ ਦਿੱਤੀ ਚਿਤਾਵਨੀ ਦਿੱਤੀ ਹੈ। ਉਥੇ ਚਾਇਨਾ ਡੋਰ ਵੇਚਣ ਅਤੇ ਉਸ ਨਾਲ ਪਤੰਗ ਚੜ੍ਹਾਉਣ ਉਪਰ ਪਾਬੰਦੀ ਲਗਾਈ ਹੈ। ਇਸਤੋਂ ਇਲਾਵਾ ਪ੍ਰਵਾਸੀਆਂ ਦੀ ਵੋਟ ਬਨਾਉਣ ਉਪਰ ਲਗਾਈ ਰੋਕ ਲਗਾ ਦਿੱਤੀ ਹੈ। ਪੰਚਾਇਤ ਨੇ ਇਸ ਸਬੰਧੀ ਮਤੇ ਪਾਸ ਕੀਤੇ ਹਨ ਅਤੇ ਮਤੇ ਦੀ ਕਾਪੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ ਅਤੇ ਜਾਣਕਾਰੀ ਲਈ ਪਿੰਡ ਵਿੱਚ ਬੈਨਰ ਲਗਾਏ ਗਏ ਹਨ। ਪਿੰਡ ਵਾਸੀਆਂ ਨੇ ਵੀ ਪੰਚਾਇਤ ਦੇ ਫ਼ੈਸਲਿਆਂ ਨਾਲ ਸਹਿਮਤੀ ਪ੍ਰਗਟਾਈ ਹੈ ਅਤੇ ਸਾਥ ਦੇਣ ਦਾ ਭਰੋਸਾ ਦਿੱਤਾ ਹੈ। ਉਥੇ ਪੁਲਿਸ ਪ੍ਰਸ਼ਾਸਨ ਵੀ ਪੰਚਾਇਤ ਦੇ ਫ਼ੈਸਲਿਆਂ ਨੂੰ ਸਹੀ ਦੱਸ ਰਿਹਾ ਅਤੇ ਸਾਥ ਦੇਣ ਦੀ ਗੱਲ ਕਹਿ ਰਿਹਾ ਹੈ।
ਪੰਚਾਇਤ ਕਰੇਗੀ ਸਖ਼ਤ ਕਾਰਵਾਈ
ਇਸ ਮੌਕੇ ਪਿੰਡ ਰੂੜੇਕੇ ਕਲਾਂ ਦੇ ਸਰਪੰਚ ਜਗਜੀਤ ਸਿੰਘ ਜੱਗਾ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੀ ਪੰਚਾਇਤ ਨੇ ਨਸ਼ਾ, ਚੋਰੀ ਅਤੇ ਹੋਰ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਮਤਾ ਪਾਸ ਕੀਤਾ ਹੈ। ਇਸ ਮਤੇ ਅਨੁਸਾਰ ਪਿੰਡ ਵਿੱਚ ਚਿੱਟਾ ਅਤੇ ਹੋਰ ਮੈਡੀਕਲ ਨਸ਼ਾ ਵੇਚਣ ਉਪਰ ਪਾਬੰਦੀ ਲਗਾਈ ਗਈ ਹੈ। ਜੇਕਰ ਕੋਈ ਵਿਅਕਤੀ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚਦਾ ਹੈ ਤਾਂ ਉਸ ਵਿਰੁੱਧ ਪੰਚਾਇਤ ਸਖ਼ਤ ਕਾਰਵਾਈ ਕਰੇਗੀ। ਇਸਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਚੋਰੀ ਕਰਨ ਵਾਲੇ ਵਿਅਕਤੀ ਦੇ ਪਿੱਛੇ ਪੁਲਿਸ ਥਾਣੇ ਵਿੱਚ ਪੰਚਾਇਤ ਪੈਰਵਾਈ ਕਰਨ ਨਹੀਂ ਜਾਵੇਗੀ। ਉਹਨਾਂ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੀ ਇੱਕ ਮਤਾ ਪਾਸ ਕੀਤਾ ਗਿਆ ਹੈ। ਕਿਸੇ ਵੀ ਪ੍ਰਵਾਸੀ ਮਜ਼ਦੂਰ ਦੀ ਪਿੰਡ ਵਿੱਚ ਵੋਟ ਨਹੀਂ ਬਨਣ ਦਿੱਤੀ ਜਾਵੇਗੀ।
ਚਾਇਨਾ ਚੋਰ ਵੇਚਣ ਵਾਲੇ ਅਤੇ ਇਸ ਡੋਰ ਨਾਲ ਪਤੰਗ ਚੜਾਉਣ ਵਾਲੇ ਵਿਰੁੱਧ ਵੀ ਪੰਚਾਇਤ ਸਖ਼ਤ ਕਾਰਵਾਈ ਕਰੇਗੀ। ਉਕਤ ਮਾਮਲਿਆਂ ਨੂੰ ਲੈਕੇ ਪੰਚਾਇਤ ਵਲੋਂ ਸਮੂਹ ਪਿੰਡ ਵਾਸੀਆਂ, ਦੁਕਾਨਦਾਰਾਂ ਨੂੰ ਮਿਲ ਕੇ ਚੇਤਾਵਨੀ ਦਿੱਤੀ ਗਈ ਹੈ। ਜੇਕਰ ਫ਼ੇਰ ਵੀ ਕੋਈ ਵਿਅਕਤੀ ਇਹਨਾਂ ਮਤਿਆਂ ਦਾ ਉਲੰਘਣ ਕਰੇਗਾ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਮਤਿਆਂ ਸਬੰਧੀ ਪੁਲਿਸ ਪ੍ਰਸ਼ਾਸ਼ਨ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ।
ਪਿੰਡ ਦੇ ਲੋਕਾਂ ਦਾ ਪੰਚਾਇਤ ਨੂੰ ਪੂਰਾ ਸਹਿਯੋਗ
ਪਿੰਡ ਦੀ ਪੰਚਾਇਤ ਦੇ ਇਹਨਾਂ ਮਤਿਆਂ ਨੂੰ ਲੈ ਕੇ ਪਿੰਡ ਵਾਸੀ ਖੁਸ਼ ਹਨ ਅਤੇ ਸਾਥ ਦੇਣ ਦੀ ਗੱਲ ਕਹਿ ਰਹੇ ਹਨ। ਪਿੰਡ ਦੇ ਛੋਟਾ ਸਿੰਘ, ਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਨੇ ਬਹੁਤ ਵਧੀਆ ਫ਼ੈਸਲੇ ਲਏ ਹਨ। ਪਿੰਡ ਵਿੱਚ ਨੌਜਵਾਨ ਚਿੱਟੇ ਅਤੇ ਹੋਰ ਮੈਡੀਕਲ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਆਏ ਦਿਨ ਖੇਤਾਂ ਦੀਆਂ ਮੋਟਰਾਂ ਅਤੇ ਹੋਰ ਚੋਰੀਆਂ ਹੋ ਰਹੀਆਂ ਹਨ। ਪੰਚਾਇਤ ਵਲੋਂ ਇਸ ਤਰ੍ਹਾਂ ਦੀ ਕੀਤੀ ਸਖ਼ਤੀ ਬਹੁਤ ਸ਼ਾਲਾਘਾਯੋਗ ਹੈ। ਪੰਚਾਇਤ ਆਪਣਾ ਫ਼ਰਜ਼ ਨਿਭਾ ਰਹੀ ਹੈ ਅਤੇ ਹੁਣ ਪਿੰਡ ਦੇ ਲੋਕਾਂ ਦਾ ਵੀ ਪੰਚਾਇਤ ਦਾ ਪੂਰਾ ਸਹਿਯੋਗ ਦੇਣਾ ਬਣਦਾ ਹੈ।
ਪੁਲਿਸ ਦਾ ਮਿਲਿਆ ਸਾਥ
ਇਸ ਮੌਕੇ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਸਰੀਫ਼ ਖ਼ਾਨ ਨੇ ਕਿਹਾ ਕਿ ਪਿੰਡ ਰੂੜੇਕੇ ਕਲਾਂ ਦੀ ਪੰਚਾਇਤ ਨੇ ਨਸ਼ੇ ਵਿਰੁੱਧ ਬਹੁਤ ਚੰਗਾ ਫ਼ੈਸਲਾ ਲਿਆ ਹੈ। ਜਿਸ ਵਿੱਚ ਪੰਚਾਇਤ ਨੇ ਨਸ਼ਾ ਵੇਚਣ ਵਾਲੇ ਵਿਅਕਤੀ ਦੇ ਹੱਕ ਵਿੱਚ ਕਿਸੇ ਵੀ ਤਰ੍ਹਾਂ ਦੀ ਪੈਰਵਾਈ ਤੋਂ ਕਿਨਾਰਾ ਕਰ ਲਿਆ ਹੈ। ਇਹ ਬਹੁਤ ਸ਼ਾਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਚਾਇਨਾ ਡੋਰ ਨਾਲ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਅਤੇ ਬਹੁਤ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਇਸ ਡੋਰ ਦੀ ਵਿਕਰੀ ਉਪਰ ਵੀ ਸਖ਼ਤੀ ਕੀਤੀ ਹੈ। ਇਸਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਨੂੰ ਲੈ ਕੇ ਵੋਟ ਨਾ ਬਨਾਉਣ ਦਾ ਫ਼ੈਸਲਾ ਕੀਤਾ ਹੈ। ਪੁਲਿਸ ਪੰਚਾਇਤ ਦੇ ਇਹਨਾਂ ਫ਼ੈਸਲਿਆਂ ਨਾਲ ਸਹਿਮਤ ਹੈ ਅਤੇ ਪੰਚਾਇਤ ਦਾ ਪੁਲਿਸ ਹਰ ਤਰ੍ਹਾਂ ਦਾ ਸਾਥ ਦੇਵੇਗੀ।