ਗਿੱਦੜਬਾਹਾ: ਅਕਾਲੀ ਦਲ ਤੋਂ ਕਿਨਾਰਾ ਕਰਨ ਵਾਲੇ ਸੀਨੀਅਰ ਅਕਾਲੀ ਲੀਡਰ ਅਤੇ ਮਸ਼ਹੂਰ ਟਰਾਂਸਪੋਟਰ ਡਿੰਪੀ ਢਿੱਲੋਂ ਨੇ ਸਿਆਸੀ ਜੀਵਨ ਦਾ ਨਵਾਂ ਰਾਹ ਲੱਭ ਹੀ ਲਿਆ ਹੈ। ਹੁਣ ਡਿੰਪੀ ਢਿੱਲੋਂ 28 ਅਗਸਤ ਨੂੰ ਆਮ ਆਦਮੀ ਪਾਰਟੀ ਦਾ ਝਾੜੂ ਆਪਣੇ ਹੱਥ 'ਚ ਫੜਨਗੇ। ਡਿੰਪੀ ਢਿੱਲੋਂ ਨੇ ਉਸ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਬੁੱਧਵਾਰ ਨੂੰ ਗਿੱਦੜਬਾਹਾ ਵਿੱਚ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਕਰ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹਾਜ਼ਰੀ ਵਿੱਚ 'ਆਪ' ਵਿੱਚ ਸ਼ਾਮਲ ਹੋਣਗੇ ।
ਕੀ ਮਿਲੇਗੀ ਟਿਕਟ?: ਇਸ ਐਲਾਨ ਤੋਂ ਬਾਅਦ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ 'ਆਪ' ਉਨਾਂ੍ਹ ਨੂੰ ਗਿੱਦੜਬਾਹਾ ਜ਼ਿਮਨੀ ਚੋਣ ਚੋਣ ਤੋਨ ਉਮੀਦਵਾਰ ਦਾ ਐਲਾਨਿਆ ਜਾ ਸਕਦਾ ਹੈ। ਜੇਕਰ 'ਆਪ' ਵੱਲੋਂ ਉਮੀਦਵਾਰ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਅਕਾਲੀ ਦਲ ਲਈ ਗਿੱਦੜਬਾਹਾ ਦੀ ਜ਼ਿਮਨੀ ਚੋਣ ਬਹੁਤ ਸਖ਼ਤ ਚੇਤਾਵਨੀ ਬਣੇਗੀ ਅਤੇ ਫਸਵੀਂ ਟੱਕਰ ਦੇਖਣ ਨੂੰ ਮਿਲੇਗੀ ਕਿਉਂਕਿ ਢਿੱਲੋਂ ਹੀ ਅਕਾਲੀ ਦਲ ਦੇ ਇਸ ਹਲਕੇ ਇੰਚਾਰਜ ਵੀ ਸਨ ਅਤੇ ਉਹ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਬਹੁਤ ਹੀ ਨੇੜਲੇ ਨੇਤਾਵਾਂ ਵਿੱਚੋਂ ਰਹੇ ਹਨ । ਜੇਕਰ ਅਜਿਹਾ ਹੁੰਦਾ ਹੈ ਤਾਂ ਸੁਖਬੀਰ ਬਾਦਲ ਲਈ ਇਸ ਸੀਟ ਤੋਂ ਚੋਣ ਲੜਨੀ ਸੁਖਾਲੀ ਨਹੀਂ ਹੋਵੇਗੀ ਜਦੋਂ ਕਿ ਪਹਿਲਾ ਇਹ ਚਰਚਾ ਖੂਬ ਸੀ ਓਹ ਖੁਦ ਇਸ ਹਲਕੇ ਤੋਂ ਜ਼ਿਮਨੀ ਚੋਣ ਲੜ ਸਕਦੇ ਹਨ । ਅੱਜ ਵੀ ਇਹ ਖਬਰਾਂ ਹਨ ਕਿ ਅਕਾਲੀ ਵਰਕਰਾਂ ਨੇ ਸੁਖਬੀਰ ਬਾਦਲ ਨੂੰ ਖੁਦ ਇਹ ਚੋਣ ਲੜਨ ਦੀ ਸਲਾਹ ਦਿੱਤੀ ਹੈ।
ਕਿਉਂ ਨਰਾਜ਼ ਹੋਏ ਡਿੰਪੀ ਢਿੱਲੋਂ: ਦਰਅਸਲ ਉਹ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਖੁਸ਼ ਨਹੀਂ ਸਨ। ਡਿੰਪੀ ਲਗਾਤਾਰ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਜ਼ਰ ਆ ਰਹੇ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ। ਇਹੀ ਕਾਰਨ ਉਹਨ੍ਹਾਂ ਦੀ ਨਾਰਾਜ਼ਗੀ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਕਈ ਵਾਰ ਸਟੇਜ ਤੋਂ ਕਹਿ ਚੁੱਕੇ ਹਨ ਕਿ ਉਨ੍ਹਾਂ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਉਹ ਪਾਰਟੀ ਛੱਡਣਗੇ ਪਰ ਹੁਣ ਇੰਨ੍ਹਾਂ ਅਫ਼ਵਾਹਾਂ 'ਤੇ ਮੋਹਰ ਲੱਗ ਚੁੱਕੀ ਹੈ ਕਿ ਇਹ ਸਿਰਫ਼ ਅਫ਼ਵਾਹ ਨਹੀਂ ਬਲਕਿ ਸੱਚ ਹੈ।