ਮਾਨਸਾ: ਸਰਪੰਚੀ ਚੋਣਾਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਸਹਿਯੋਗ-ਵਾਰ ਦੇ ਹੱਕ ਵਿੱਚ ਪਿੰਡ ਚੋਂ ਚੋਣ ਪ੍ਰਚਾਰ ਕੀਤਾ ਗਿਆ। ਉਹਨਾਂ ਵੱਲੋਂ ਆਪਣੀ ਪੰਚਾਇਤ ਦੌਰਾਨ ਕੀਤੇ ਗਏ ਵਿਕਾਸ ਕਾਰਜ ਪਿੰਡ ਵਾਸੀਆਂ ਨੂੰ ਗਿਣਵਾਏ ਗਏ। ਇਸ ਦੌਰਾਨ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਰਾਬ ਦਾ ਸੇਵਨ ਨਾ ਕਰੋ ਅਤੇ ਇੱਕ ਸੂਝਵਾਨ ਵੋਟਰ ਦੀ ਤਰ੍ਹਾਂ ਆਪਣੇ ਹੱਕਾਂ ਨੂੰ ਦੇਖਦੇ ਹੋਏ ਵੋਟ ਦਾ ਇਸਤੇਮਾਲ ਕਰੋ। ਇਸ ਦੌਰਾਨ ਉਨ੍ਹਾਂ ਦੂਜੇ ਪਾਸੇ ਖੜੇ ਸਰਪੰਚ ਦੇ ਉਮੀਦਵਾਰ 'ਤੇ ਵੀ ਆਪਣਾ ਗੁੱਸਾ ਕੱਢਿਆ।
ਆਪਣੇ ਉਮੀਦਵਾਰ ਦੇ ਹੱਕ 'ਚ ਮੰਗੀਆਂ ਵੋਟਾਂ
ਕਾਬਿਲੇਗੌਰ ਹੈ ਕਿ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਜ ਮੂਸਾ ਪਿੰਡ ਦੇ ਲੋਕਾਂ ਨੂੰ ਸਰਪੰਚੀ ਚੋਣਾਂ ਵਿੱਚ ਖੜੇ ਉਮੀਦਵਾਰਾਂ ਵਿੱਚੋਂ ਵਧੀਆ ਉਮੀਦਵਾਰ ਦੀ ਪਹਿਚਾਣ ਕਰਵਾਉਣ ਦੇ ਲਈ ਸੱਥ ਵਿੱਚ ਪਹੁੰਚ ਕੇ ਆਪਣੇ ਪੱਖ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਉਹ ਸਰਕਾਰਾਂ ਦੇ ਵਿੱਚ ਆਪਣਾ ਚੰਗਾ ਰਸੂਖ ਰੱਖਦੇ ਹਨ ਅਤੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੰਮ ਵੀ ਕਰਦੇ ਰਹਿਣਗੇ। ਇਸ ਦੌਰਾਨ ਉਹਨਾਂ ਆਪਣੀ ਪੰਚਾਇਤ ਦੌਰਾਨ ਪੰਜ ਸਾਲ ਦੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਨੂੰ ਵੀ ਲੋਕਾਂ ਦੇ ਸਾਹਮਣੇ ਰੱਖਿਆ।
ਸਰਪੰਚੀ ਸਮੇਂ ਦੇ ਕੀਤੇ ਕੰਮ ਗਿਣਾਏ
ਉਹਨਾਂ ਕਿਹਾ ਕਿ ਪਿੰਡ ਦੇ ਵਿੱਚ ਲਾਈਬਰੇਰੀਆਂ, ਇੰਟਰਲੋਕ ਗਲੀਆਂ, ਪਾਰਕ, ਹੈਲਥ ਸੈਂਟਰ ਮਾਡਲ, ਵਾਟਰ ਵਰਕਸ ਦੀ ਸਫਾਈ ਅਤੇ ਪਾਣੀ ਦੀ ਸਪਲਾਈ ਆਦਿ ਕੰਮ ਕੀਤੇ। ਉਨ੍ਹਾਂ ਕਿਹਾ ਕਿ ਪੁੱਤਰ ਸ਼ੁਭਦੀਪ ਸਿੰਘ ਵੱਲੋਂ ਦੋ ਮਹੀਨੇ ਹਲਕਾ ਇੰਚਾਰਜ ਦੇ ਤੌਰ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਪੁਰਾਣੇ ਸਮੇਂ ਤੋਂ ਪਏ ਕੱਚੇ ਰਾਸਤੇ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸੜਕ ਪਾਸ ਕਰਵਾ ਕੇ ਸੜਕ ਬਣਵਾਈ। ਇਸ ਦੌਰਾਨ ਉਹ ਦੂਜੇ ਪਾਸੇ ਖੜੇ ਸਰਪੰਚ ਉਮੀਦਵਾਰ 'ਤੇ ਗੁੱਸਾ ਜਾਹਿਰ ਕਰਦੇ ਨਜ਼ਰ ਆਏ।
ਦੂਜੇ ਉਮੀਦਵਾਰ ਨੂੰ ਸੁਣਾਈਆਂ ਖਰੀਆਂ
ਉਨ੍ਹਾਂ ਕਿਹਾ ਕਿ ਦੂਜਾ ਸਰਪੰਚ ਉਮੀਦਵਾਰ ਮੇਰੇ ਪੰਚਾਇਤ ਦੀਆਂ ਆਰਟੀਆਈ ਪਾ ਰਿਹਾ ਹੈ ਅਤੇ ਆਰਟੀਆਈ ਵੀ ਵੀਡੀਓ ਦਫਤਰ ਦੇ ਵਿੱਚ ਤਿਆਰ ਹੈ ਪਰ ਲੈਣ ਦੇ ਲਈ ਨਹੀਂ ਗਿਆ। ਉਹਨਾਂ ਕਿਹਾ ਕਿ ਮੇਰੀ ਪੰਚਾਇਤ ਨੇ ਕਦੇ ਵੀ ਇਕ ਪੈਸਾ ਤੱਕ ਲੋਕਾਂ ਦਾ ਨਹੀਂ ਖਾਧਾ, ਸਗੋਂ ਪਿੰਡ ਦੇ ਵਿਕਾਸ ਕਾਰਜਾਂ 'ਤੇ ਖਰਚ ਕੀਤਾ ਹੈ। ਉਹਨਾਂ ਕਿਹਾ ਕਿ ਉਹ ਹਰ ਸਮੇਂ ਮੀਡੀਆ ਦੇ ਸਾਹਮਣੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਆਏ ਫੰਡਾਂ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਤਿਆਰ ਹਨ, ਪਰ ਉਹਨਾਂ 'ਤੇ ਦੋਸ਼ ਲਾਉਣ ਵਾਲੇ ਸਾਹਮਣੇ ਆਉਣ। ਇਸ ਦੌਰਾਨ ਉਹਨਾਂ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਰਪੰਚੀ ਚੋਣਾਂ ਦੇ ਵਿੱਚ ਸ਼ਰਾਬ ਚੱਲ ਰਹੀ ਹੈ ਪਰ ਦੇਖ ਕੇ ਸ਼ਰਾਬ ਦਾ ਸੇਵਨ ਕਰੋ ਕਿਉਂਕਿ ਇਹ ਨਾ ਹੋਵੇ ਕਿ ਤੁਹਾਨੂੰ ਚੁੱਕ ਕੇ ਘਰੇ ਛੱਡ ਕੇ ਆਉਣਾ ਪਵੇ।