ਲੁਧਿਆਣਾ: ਲੁਧਿਆਣਾ ਦੇ ਮਾਛੀਵਾਡਾ ਸਾਹਿਬ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੋਟ ਗੰਗੂ ਰਾਏ ਵਿਖੇ ਇੱਕ ਵਿਆਹ ਵਾਲੇ ਘਰ ਵਿਚ ਜਾਗੋ ਸਮਾਗਮ ਚੱਲ ਰਿਹਾ ਸੀ ਪਰ ਉੱਥੇ ਗੁਆਂਢੀ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਲਾੜੇ ਦੇ ਚਚੇਰੇ ਭਰਾ ਮਨਦੀਪ ਸਿੰਘ ਵਾਸੀ ਕੋਟ ਗੰਗੂ ਰਾਏ ਨੂੰ ਗੋਲੀ ਲੱਗ ਗਈ ਅਤੇ ਉਹ ਜਖ਼ਮੀ ਹੋ ਗਿਆ। ਇਸਤੋਂ ਬਾਅਦ ਇਲਾਜ ਲਈ ਉਸਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ।
ਲਾੜੇ ਦੇ ਭਰਾ ਨੂੰ ਲੱਗੀ ਗੋਲੀ
ਹਸਪਤਾਲ ਵਿਚ ਇਲਾਜ ਅਧੀਨ ਮਨਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਚਾਚੇ ਦੇ ਲੜਕੇ ਗੁਰਮੀਤ ਸਿੰਘ ਦਾ ਵਿਆਹ ਸੀ ਅਤੇ ਰਾਤ ਨੂੰ ਜਾਗੋ ਸਮਾਗਮ ਚੱਲ ਰਿਹਾ ਸੀ। ਉਨ੍ਹਾਂ ਦਾ ਗੁਆਂਢੀ ਜਗਦੀਸ਼ ਸਿੰਘ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਉਸ ਨੇ ਆਪਣੇ ਪਿਸਤੌਲ ਨਾਲ 3 ਹਵਾਈ ਫਾਇਰ ਕੀਤੇ ਅਤੇ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਮੈਨੂੰ ਗਾਲੀ ਗਲੋਚ ਕਰਦਿਆਂ ਕੱਚ ਦਾ ਗਿਲਾਸ ਮੇਰੇ ਵੱਲ ਮਾਰਿਆ। ਜਗਦੀਸ਼ ਸਿੰਘ ਉਸ ਤੋਂ ਬਾਅਦ ਆਪਣੇ ਘਰ ਜਾ ਕੇ ਮਕਾਨ ਦੀ ਛੱਤ ’ਤੇ ਚੜ ਗਿਆ। ਜਿਸ ਨੇ ਮਾਰ ਦੇਣ ਦੀ ਨੀਅਤ ਨਾਲ ਮੇਰੇ ’ਤੇ 3 ਫਾਇਰ ਕੀਤੇ ਗਏ। ਜਿਸ ’ਚੋਂ ਇੱਕ ਗੋਲੀ ਮੇਰੇ ਮੱਥੇ ਦੇ ਖੱਬੇ ਪਾਸਿਓਂ ਛੂਹ ਕੇ ਲੰਘ ਗਈ ਜਦਕਿ 2 ਗੋਲੀਆਂ ਮੇਰੀ ਖੱਬੀ ਬਾਂਹ ’ਤੇੇ ਲੱਗੀਆਂ। ਜਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਪੁਰਾਣੀ ਰੰਜਿਸ਼ ਚੱਲਦਿਆਂ ਜਗ੍ਹਾ ਨੂੰ ਲੈ ਕੇ ਵਿਵਾਦ
ਜਖ਼ਮੀ ਮਨਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਕਿਉਂਕਿ ਉਨ੍ਹਾਂ ਦਾ ਪਿੰਡ ਵਿਚ ਜਗ੍ਹਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਸਬੰਧੀ ਉਸਨੇ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਗੋਲੀਆਂ ਚਲਾਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਟਾਣੀ ਕਲਾਂ ਦੇ ਇੰਚਾਰਜ਼ ਨੇ ਦੱਸਿਆ ਕਿ ਮਨਦੀਪ ਸਿੰਘ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਜਗਦੀਸ਼ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਉਨ੍ਹਾ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਮਾਛੀਵਾੜਾ ਅਧੀਨ ਪੈਂਦੇ ਪਿੰਡ ਕੋਟ ਗੰਗੂਰਾਏ ਵਿਖੇ ਵਿਆਹ ਦੇ ਸਮਾਗਮ ਦੌਰਾਨ ਐਨਆਰਆਈ ਗੁਆਂਢੀ ਆਪਣੀ ਛੱਤ 'ਤੇ ਚੜ ਗਿਆ ਅਤੇ ਪਿਸਤੌਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਗੋਲੀ ਲਾੜੇ ਦੇ ਭਰਾ ਨੂੰ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਲਾੜੇ ਦੇ ਭਰਾ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।